ਸਿਰਸਾ, 9 ਜੂਨ (ਭੁਪਿੰਦਰ ਪੰਨੀਵਾਲੀਆ)- ਰੁਜ਼ਗਾਰ ਸਹਾਇਕ ਯੂਨੀਅਨ ਨੇ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਮੋਚੀਵਾਲੀ ਵਿੱਚ ਇੱਕ ਗ੍ਰਾਮ ਸਭਾ ਮੀਟਿੰਗ ਦੌਰਾਨ ਰੁਜ਼ਗਾਰ ਸਹਾਇਕ ਪ੍ਰਦੀਪ ਕੁਮਾਰ 'ਤੇ ਹੋਏ ਕਥਿਤ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ | ਯੂਨੀਅਨ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ | ਮੰਗ ਪੱਤਰ ਸੌਂਪਦੇ ਹੋਏ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਮੁਲਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ | ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਯੂਨੀਅਨ ਦੇ ਆਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਰੁਜ਼ਗਾਰ ਸਹਾਇਕ ਯੂਨੀਅਨ ਦੇ ਰਾਸ਼ਟਰੀ ਸਕੱਤਰ ਬਖਸ਼ੀ ਸਿੰਘ, ਜ਼ਿਲ੍ਹਾ ਪ੍ਰਧਾਨ ਸੁਰੇਂਦਰ ਨੈਨ ਖਾਰੀਆ, ਰਮਨ ਕੁਮਾਰ, ਇੰਦਰਪਾਲ, ਰੋਹਤਾਸ਼ , ਰਵਿੰਦਰ ਸਿੰਘ ਸਮੇਤ ਕਈ ਰੁਜ਼ਗਾਰ ਸਹਾਇਕ ਮੌਜੂਦ ਸਨ |