ਰਤੀਆ, 16 ਜੂਨ (ਬੇਅੰਤ ਕੌਰ ਮੰਡੇਰ)- ਰਤੀਆ ਦੇ ਵਿਧਾਇਕ ਜਰਨੈਲ ਸਿੰਘ ਦੀ ਅਗਵਾਈ ਹੇਠ ਸ਼ੋ੍ਰਮਣੀ ਸੰਤ ਭਗਤ ਧੰਨਾ ਜੱਟ ਸਮਾਜ ਸੁਧਾਰ ਸਮਿਤੀ ਦੇ ਇੱਕ ਵਫ਼ਦ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ, ਜਿਸ 'ਚ ਸ਼ੋ੍ਰਮਣੀ ਸੰਤ ਭਗਤ ਧੰਨਾ ਜੱਟ ਜੀ ਨੂੰ ਸਮਰਪਿਤ ਧਰਮਸ਼ਾਲਾ ਅਤੇ ਮੰਦਰ ਦੀ ਅਧੂਰੀ ਉਸਾਰੀ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ | ਵਿਧਾਇਕ ਜਰਨੈਲ ਸਿੰਘ ਨੇ ਮੁੱਖ ਮੰਤਰੀ ਨੂੰ ਭਾਈਚਾਰੇ ਦੀ ਮੰਗ ਪੇਸ਼ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਸੰਤ ਭਗਤ ਧੰਨਾ ਜੱਟ ਜੀ ਦੇ ਨਾਂਅ 'ਤੇ ਧਰਮਸ਼ਾਲਾ ਅਤੇ ਮੰਦਰ ਦੀ ਉਸਾਰੀ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋੜ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਧਾਰਮਿਕ ਆਸਥਾ ਦੇ ਕੇਂਦਰ ਵਜੋਂ ਕੰਮ ਕਰੇਗਾ ਸਗੋਂ ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਕਾਰਾਤਮਕ ਰੁਖ਼ ਅਪਣਾਉਂਦਿਆਂ ਕਿਹਾ ਕਿ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਮਾਮਲੇ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਵਿਧਾਇਕ ਜਰਨੈਲ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇੱਕ ਜਨਤਕ ਪ੍ਰਤੀਨਿਧੀ ਹਨ ਜੋ ਇਲਾਕੇ 'ਚ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਮੁੱਦਿਆਂ ਦੀ ਜ਼ੋਰਦਾਰ ਵਕਾਲਤ ਕਰਦੇ ਹਨ | ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ਼ੇਰ ਸਿੰਘ ਖੋਖਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਸਤਾਵਿਤ ਥਾਂ ਨੂੰ ਜੱਟ ਸਿੱਖ ਭਾਈਚਾਰੇ ਦੇ ਪੁਰਖਿਆਂ ਦੇ ਸ਼ਮਸ਼ਾਨਘਾਟ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਸ਼ਰਧਾਲੂ ਸਾਲਾਂ ਤੋਂ ਛੋਟੇ ਜਿਹੇ ਮੰਦਰ 'ਚ ਪੂਜਾ ਕਰਦੇ ਆ ਰਹੇ ਹਨ | ਸੁਸਾਇਟੀ ਦੇ ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ ਨੇ ਦੱਸਿਆ ਕਿ 1996 'ਚ ਸ਼ੁਰੂ ਹੋਈ ਸ਼ੋ੍ਰਮਣੀ ਸੰਤ ਭਗਤ ਧੰਨਾ ਜੀ ਨੂੰ ਸਮਰਪਿਤ ਮੰਦਰ ਦੀ ਉਸਾਰੀ ਅਜੇ ਵੀ ਅਧੂਰੀ ਹੈ | ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਭਾਈਚਾਰੇ ਦੀ ਮੰਗ 'ਤੇ ਸਕਾਰਾਤਮਕ ਵਿਚਾਰ ਕੀਤਾ ਜਾਵੇਗਾ | ਉਨ੍ਹਾਂ ਦੇ ਭਰੋਸੇ ਨੇ ਹਾਜ਼ਰ ਪ੍ਰਤੀਨਿਧੀਆਂ 'ਚ ਉਤਸ਼ਾਹ ਅਤੇ ਖ਼ੁਸ਼ੀ ਲਿਆਂਦੀ | ਮੁੱਖ ਮੰਤਰੀ ਨੂੰ ਮਿਲਣ ਤੋਂ ਉਪਰੰਤ ਵਿਧਾਇਕ ਜਰਨੈਲ ਸਿੰਘ ਨੇ ਅਹੁਦੇਦਾਰਾਂ, ਮੈਂਬਰਾਂ ਅਤੇ ਮਹਾਂ ਪੰਚਾਇਤ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸਮਾਜ ਦੇ ਇਸ ਕਾਰਜ ਨੂੰ ਪੂਰਾ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਗੇ | ਇਸ ਮੌਕੇ ਸਰਪ੍ਰਸਤ ਬਾਬੂ ਸਿੰਘ ਖੋਖਰ, ਸਲਾਹਕਾਰ ਜੋਗਿੰਦਰ ਸੈਣੀ, ਮਨਮੋਹਨ ਸਿੰਘ, ਹਰਪ੍ਰੀਤ ਸਿੰਘ ਭੁੱਲਰ, ਰੂਪ ਸਿੰਘ ਖੋਖਰ, ਅਵਤਾਰ ਸਿੰਘ, ਛਿੰਦਰ ਪਾਲ ਸਿੰਘ, ਬਲਵੰਤ ਸਿੰਘ, ਤਾਰਾ ਸਿੰਘ, ਸੁਖਚੈਨ ਸਿੰਘ, ਨਛੱਤਰ ਸਿੰਘ , ਗੁਰਜੰਟ ਸਿੰਘ ਢਿੱਲੋਂ, ਰਾਮਚੰਦਰ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਨਿਰੰਜਨ ਸਿੰਘ ਆਦਿ ਹਾਜ਼ਰ ਸਨ |
ਸ਼ੋ੍ਰਮਣੀ ਸੰਤ ਭਗਤ ਧੰਨਾ ਜੱਟ ਨੂੰ ਸਮਰਪਿਤ ਧਰਮਸ਼ਾਲਾ ਬਣਾਉਣ ਦੀ ਮੰਗ
ਅਜੀਤ ਡੈਸਕ
17-06-2026