ਨਵੀਂ ਦਿੱਲੀ, 17 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਪੜਪੜਗੰਜ ਥਾਣੇ ਦੀ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕੋਲੋਂ ਪੁਲਿਸ ਨੇ 3 ਜ਼ਿੰਦਾ ਕਾਰਤੂਸ, ਇਕ ਦੇਸੀ ਕੱਟਾ ਬਰਾਮਦ ਕੀਤਾ ਹੈ। ਇਨ੍ਹਾਂ ਚੋਰਾਂ ਦੇ ਨਾਂਅ ਰੋਹਿਤ ਮਾਲੀ (24) ਨਿਵਾਸੀ ਸਰਾਏ ਕਾਲੇ ਖਾਂ ਦਿੱਲੀ ਅਤੇ ਸਲੇਂਦਰ (23) ਨਿਵਾਸੀ ਗਰੇਟ ਨੋਇਡਾ ਹਨ। ਰੋਹਿਤ ਮਾਲੀ ’ਤੇ ਪਹਿਲਾਂ ਵੀ ਇਕ ਮਾਮਲਾ ਪੁਲਿਸ ਕੋਲ ਦਰਜ ਹੈ। ਇਹ ਦੋਵੇਂ ਚੋਰ ਗਾਜ਼ੀਪੁਰ ਪਿੰਡ ਵਿਚ ਇਕ ਘਰ ਦੇ ਵਿਚ ਹੋਈ ਚੋਰੀ ਵਿਚ ਸ਼ਾਮਿਲ ਸਨ। ਇਨ੍ਹਾਂ ਚੋਰਾਂ ਦੀ ਭਾਲ ਕਰਨ ਦੇ ਲਈ ਪੁਲਿਸ ਨੇ ਇਲਾਕੇ ਦੇ ਆਸਪਾਸ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ। ਇਸ ਤੋਂ ਇਲਾਵਾ ਪੁਲਿਸ ਨੇ ਤਕਨੀਕੀ ਤੇ ਖੁਫ਼ੀਆ ਜਾਣਕਾਰੀ ਲੈਂਦੇ ਹੋਏ ਮੁਖਬਰਾਂ ਦੀ ਜਾਣਕਾਰੀ ਦੇ ਆਧਾਰ ’ਤੇ ਇਨ੍ਹਾਂ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਚੋਰੀ ਦੇ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਚੋਰੀ ਦੇ ਸਮੇਂ ਉਹ ਘਰ ਨਹੀਂ ਸਨ। ਪੁਲਿਸ ਨੇ ਜਦੋਂ ਚੋਰਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਇਸ ਚੋਰੀ ਦੀ ਗੱਲ ਨੂੰ ਕਬੂਲਿਆ । ਪੁਲਿਸ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੀ ਹੈ।