ਨਵੀਂ ਦਿੱਲੀ, 17 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਪੱਛਮ ਵਿਹਾਰ ਦੇ ਜਿੰਮ ਵਿਖੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਸ਼ੂਟਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਜਿਨ੍ਹਾਂ ਦੇ ਨਾਂਅ ਅਰਮਾਨ (19) ਵਾਸੀ ਸੋਨੀਪਤ ( ਹਰਿਆਣਾ ) ਅਤੇ ਤੁਸ਼ਾਰ ਉਰਫ਼ ਤਾਸ਼ (21) ਪਿੰਡ ਰੇਵਾੜਾ (ਹਰਿਆਣਾ) ਹਨ। ਇਸ ਘਟਨਾ ਦੀ ਜ਼ਿੰਮੇਵਾਰੀ ਅਨਿਲ ਪੰਡਿਤ ਯੂ. ਐਸ. ਏ. ਆਫ਼ ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਸੀ। ਅਪਰਾਧ ਸ਼ਾਖਾ ਨੇ ਇਸ ਮਾਮਲੇ ਵਿਚ ਹਮਲਾਵਰਾਂ ਦੇ ਭੱਜਣ ਵਾਲੇ ਰਸਤੇ ਦੀ ਜਾਣਕਾਰੀ ਲੈਂਦੇ ਹੋਏ 100 ਕਿਲੋਮੀਟਰ ਖੇਤਰ ਵਿਚ ਹਮਲਾਵਰਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲਗਾਇਆ। ਇਸ ਦੇ ਨਾਲ ਹੀ ਅਪਰਾਧ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਇਨ੍ਹਾਂ ਦੇ ਰੂਟ, ਸਰਵਿਸ ਲੇਨ ਅਤੇ ਹਾਈਵੇ ਲਿੰਕ ਦੀ ਹਰ ਪੱਖ ਤੋਂ ਜਾਂਚ ਕਰਨ ਦੇ ਨਾਲ ਉਨ੍ਹਾਂ ਦੇ ਹਰ ਮਿੰਟ ਦਾ ਤਕਨੀਕੀ ਡੇਟਾ ਇਕੱਠਾ ਕਰਦੇ ਹੋਏ ਤੇ ਮਨੁੱਖੀ ਖੁਫ਼ੀਆ ਜਾਣਕਾਰੀ ਲੈਂਦੇ ਹੋਏ ਦਿੱਲੀ, ਹਰਿਆਣਾ ਅਤੇ ਗੁਆਂਢੀ ਖੇਤਾਂ ਵਿਚ ਕੰਮ ਕਰ ਰਹੇ ਅਪਰਾਧਿਕ ਨੈਟਵਰਕਾਂ ਦੀ ਤਸਦੀਕ ਕਰਨ ਲਈ ਦਿਨ ਰਾਤ ਕੰਮ ਕੀਤਾ ਅਤੇ ਅਖੀਰ ਦੋਵਾਂ ਮੁਲਜ਼ਮਾਂ ਨੂੰ ਬਹਾਦਰਗੜ੍ਹ (ਹਰਿਆਣਾ) ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਨਾਲ ਹੀ ਇਨ੍ਹਾਂ ਦੇ ਗਰੋਹ ਦਾ ਵੀ ਪਤਾ ਕਰ ਰਹੀ ਹੈ।