ਨਵੀਂ ਦਿੱਲੀ,17 ਜੂਨ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂ ਪੀ ਐੱਸ ਸੀ ਵੱਲੋਂ ਲਈ ਗਈ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ 51ਵੇਂ ਸਥਾਨ ‘ਤੇ ਰਹੀ ਰਸਨੀਤ ਕੌਰ ਦਾ ਸਨਮਾਨ ਕੀਤਾ ਗਿਆ । ਰਸਨੀਤ ਕੌਰ ਮੂਲ ਰੂਪ ਵਿਚ ਪਿੰਡ ਮਦਨਪੁਰਾ ਨਜ਼ਦੀਕ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹੈ । ਰਸਨੀਤ ਕੌਰ ਨੇ ਸਕੂਲੀ ਸਿੱਖਿਆ ਰਾਜਪੁਰਾ ਤੋਂ ਹਾਸਲ ਕੀਤੀ ਤੇ ਗਰੈਜੂਏਸ਼ਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ । ਇਸ ਮੌਕੇ ਰਸਨੀਤ ਕੌਰ ਦਾ ਸਨਮਾਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਰਸਨੀਤ ਕੌਰ ਵਰਗੇ ਵਿਦਿਆਰਥੀ ਸਿੱਖ ਕੌਮ ਦਾ ਮਾਣ ਹਨ। ਰਸਨੀਤ ਕੌਰ ਨੇ ਆਪਣੇ ਬਲਬੂਤੇ ਤਿਆਰੀ ਕਰਦਿਆਂ ਸਿਵਲ ਸੇਵਾਵਾਂ ਵਿਚ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ । ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦੇ ਵਿਦਿਆਰਥੀਆਂ ਨੂੰ ਰਸਨੀਤ ਕੌਰ ਵਰਗਿਆਂ ਨੂੰ ਚਾਨਣ ਮੁਨਾਰਾ ਮੰਨਦਿਆਂ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।