ਨਵੀਂ ਦਿੱਲੀ, 23 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗੱਡੀਆਂ ਦੇ ਰੋਜ਼ਾਨਾ ਚਾਲਾਨ ਕੀਤੇ ਜਾ ਰਹੇ ਹਨ ਅਤੇ ਇਸ ਦਾ ਬੋਝ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਵਿਸ਼ੇਸ਼ ਟਰੈਫ਼ਿਕ ਅਦਾਲਤਾਂ ਲਗਾਈਆਂ ਜਾਣਗੀਆਂ। ਇਹ ਅਦਾਲਤਾਂ 5 ਜੁਲਾਈ ਤੋਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਦੂਸਰੇ ਸਨਿਚਰਵਾਰ ਅਤੇ ਹਰੇਕ ਐਤਵਾਰ ਨੂੰ ਅਦਾਲਤ ਲਗਾਈ ਜਾਵੇਗੀ। ਇਨ੍ਹਾਂ ਅਦਾਲਤਾਂ ਵਿਚ ਟਰੈਫ਼ਿਕ ਪੁਲਿਸ ਦਾ ਵਿਸ਼ੇਸ਼ ਰੋਲ ਰਹੇਗਾ। ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਅਦਾਲਤ ਵਿਚ ਰੋਜ਼ਾਨਾ 700 ਦੇ ਕਰੀਬ ਚਾਲਾਨਾਂ ਦਾ ਨਿਪਟਾਰਾ ਕੀਤਾ ਜਾਵੇ। ਇਨ੍ਹਾਂ ਅਦਾਲਤਾਂ ਵਿਚ ਕੇਵਲ ਜੁਰਮਾਨੇ ਨਾਲ ਹੀ ਨਿਪਟਾਰੇ ਕੀਤੇ ਜਾਣਗੇ। ਦਿੱਲੀ ਦੇ 11 ਜ਼ਿਲ੍ਹਿਆਂ ਵਿਚ ਦੋ-ਦੋ ਅਦਾਲਤਾਂ ਹਰ ਜ਼ਿਲ੍ਹੇ ਵਿਚ ਲਗਾਈਆਂ ਜਾਣਗੀਆਂ। ਇਹ ਅਦਾਲਤਾਂ ਸਵੇਰੇ ਦਸ ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਕੰਮ ਕਰਨਗੀਆਂ। ਵਰਨਣਯੋਗ ਹੈ ਕਿ 4 ਕਰੋੜ ਤੋਂ ਜ਼ਿਆਦਾ ਟਰੈਫ਼ਿਕ ਚਾਲਾਨ ਅਜੇ ਬਕਾਇਆ ਪਏ ਹਨ, ਜਿਨ੍ਹਾਂ ਦਾ ਨਿਪਟਾਰਾ ਹੋਣਾ ਹੈ। ਇਸ ਤੋਂ ਇਲਾਵਾ ਜੋ ਰੋਜ਼ਾਨਾ ਚਾਲਾਨ ਹੋ ਰਹੇ ਹਨ, ਉਨ੍ਹਾਂ ਦੀ ਗਿਣਤੀ ਅਜੇ ਵੱਖਰੀ ਹੈ। ਟਰੈਫ਼ਿਕ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਅਦਾਲਤਾਂ ਰਾਹੀਂ ਚਾਲਾਨਾਂ ਦਾ ਫ਼ੈਸਲਾ ਕਰਕੇ ਇਹ ਬੋਝ ਘੱਟ ਹੋਵੇਗਾ।
ਹੁਣ ਟਰੈਫ਼ਿਕ ਚਾਲਾਨਾਂ ਦਾ ਨਿਪਟਾਰਾ ਕਰਨ ਲਈ ਲੱਗਣਗੀਆਂ ਵਿਸ਼ੇਸ਼ ਟਰੈਫ਼ਿਕ ਅਦਾਲਤਾਂ
ਅਜੀਤ ਡੈਸਕ
24-06-2026