ਪਹਿਲੇ ਮੀਂਹ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹੀ, ਸੜਕਾਂ ’ਤੇ ਭਰਿਆ ਤਿੰਨ ਫੁੱਟ ਪਾਣੀ
ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਖੇਤਰ ਵਿੱਚ ਬੀਤੀ ਰਾਤ ਤੋਂ ਸ਼ੁਰੂ ਹੋਇਆ ਸਾਉਣ ਦਾ ਪਹਿਲਾ ਮੀਂਹ ਰੁੱਕ-ਰੁੱਕ ਕੇ ਅੱਜ ਦੁਪਹਿਰ ਤੱਕ ਜਾਰੀ ਰਿਹਾ। ਮੀਂਹ ਪੈਣ ਨਾਲ ਜਿਥੇ ਕਿਸਾਨਾਂ ਦੇ ਚਹਿਰਾਂ ’ਤੇ ਰੌਣਕ ਆ ਗਈ ਤੇ ਪਿਛੜੇ ਕਈ ਦਿਨਾਂ ਤੋਂ ਫਸਲਾਂ ਨੂੰ ਲੱਗੀ ਔੜ ਦੂਰ ਹੋ ਗਈ ਹੈ ਉਥੇ ਹੀ ਮੌਨਸੂਨ ਦੇ ਪਹਿਲੇ ਮੀਂਹ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸਾਉਣ ਦਾ ਪਹਿਲਾ ਮੀਂਹ ਸ਼ਹਿਰੀਆਂ ਲਈ ਆਫਤ ਬਣ ਗਿਆ। ਨਵੀਆਂ ਕਲੋਨੀਆਂ ’ਚ ਜਿਥੇ ਪਾਣੀ ਭਰ ਗਿਆ ਉਥੇ ਹੀ ਮੀਂਹ ਦੇ ਪਾਣੀ ਦੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਕਈ ਸੜਕਾਂ ਤਿੰਨ-ਤਿੰਨ ਫੁੱਟ ਪਾਣੀ ਭਰ ਗਿਆ। ਸ਼ਹਿਰ ਦਾ ਬਰਨਾਲਾ ਰੋਡ, ਹਿਸਾਰ ਰੋਡ, ਜਨਤਾ ਭਵਨ ਰੋਡ ਸਮਤੇ ਕਈ ਸ਼ਹਿਰ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ। ਸੂਬਾ ਕਾਂਗਰਸ ਦੇ ਪ੍ਰਤੀਨਿਧੀ ਰਾਜਕੁਮਾਰ ਸ਼ਰਮਾ ਨੇ ਕਿਹਾ ਕਿ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਪ੍ਰਸ਼ਾਸਨਿਕ ਪ੍ਰਣਾਲੀ ਦੀਆਂ ਕਮੀਆਂ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਡਰੇਨੇਜ ਅਤੇ ਸੀਵਰੇਜ ਸਿਸਟਮ ਨੂੰ ਸੁਧਾਰਨ ਦੇ ਨਾਮ ’ਤੇ ਕਰੋੜਾਂ ਰੁਪਏ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਾਰਿਸ਼ ਦੇ ਕੁਝ ਘੰਟਿਆਂ ਵਿੱਚ ਹੀ ਪੂਰਾ ਸ਼ਹਿਰ ਇੱਕ ਟਾਪੂ ਵਿੱਚ ਬਦਲ ਗਿਆ। ਮੁੱਖ ਸੜਕਾਂ ਅਤੇ ਬਾਜ਼ਾਰ ਪਾਣੀ ਵਿੱਚ ਡੁੱਬ ਗਏ ਜਿਸ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਹਰ ਸਾਲ ਨਾਲਿਆਂ ਅਤੇ ਸੀਵਰੇਜ ਸਿਸਟਮ ਦੀ ਸਫਾਈ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨ ’ਤੇ ਕੋਈ ਦਿਖਾਈ ਨਹੀਂ ਦੇ ਰਿਹਾ। ਰਾਜਕੁਮਾਰ ਸ਼ਰਮਾ ਨੇ ਕਿਹਾ ਕਿ ਹੁਣ ਸਟੋਰਮਵਾਟਰ ਫੇਜ਼-ਟੂ ਪ੍ਰੋਜੈਕਟ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਫੇਜ਼-ਵਨ ਦੇ ਨਤੀਜਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਇਸ ਨਵੇਂ ਪ੍ਰੋਜੈਕਟ ਤੋਂ ਵੀ ਕੋਈ ਉਮੀਦ ਨਹੀਂ ਹੈ।
ਸਾਉਣ ਦੇ ਪਹਿਲੇ ਮੀਂਹ ਨਾਲ ਫਸਲਾਂ ਨੂੰ ਫਾਇਦਾ, ਗਰਮੀ ਤੋਂ ਰਾਹਤ, ਸ਼ਹਿਰੀਆਂ ਲਈ ਆਫਤ
ਅਜੀਤ ਡੈਸਕ
22-07-2026