02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕੱਚੇ ਕਰਮਚਾਰੀਆਂ ਨੇ ਪੱਕੇ ਕਰਨ ਲਈ ਕੀਤਾ ਪ੍ਰਦਰਸ਼ਨ

ਅਜੀਤ ਡੈਸਕ 01-08-2026
ਸਿਰਸਾ, 31 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕੱਚੇ ਕਰਮਚਾਰੀਆਂ ਨੇ ਪੱਕੇ ਕਰਨ ਦੀ ਮੰਗ ਨੂੰ ਲੈ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਸਰਵ ਕਰਮਚਾਰੀ ਸੰਘ ਦੇ ਬੈਨਰ ਹੇਠ ਅੱਜ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਸੈਂਕੜੇ ਕੱਚੇ ਕਰਮਚਾਰੀ ਅਤੇ ਅਧਿਆਪਕ ਇਕੱਠੇ ਹੋਏ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ ਨੇ ਕੀਤੀ। ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸਰਵ ਕਰਮਚਾਰੀ ਸੰਘ, ਹਰਿਆਣਾ ਦੇ ਸੂਬਾ ਜਨਰਲ ਸਕੱਤਰ ਮਾਸਟਰ ਕ੍ਰਿਸ਼ਨ ਨੈਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਬਾਵਜੂਦ ਸੂਬੇ ਦੇ ਲੱਖਾਂ ਕਰਮਚਾਰੀਆਂ ਨੂੰ ਅਜੇ ਪੱਕਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੱਚੇ ਕਰਮਚਾਰੀ ਅਤੇ ਅਧਿਆਪਕ ਜੋ ਸਾਲਾਂ ਤੋਂ ਕੰਮ ਕਰ ਰਹੇ ਹਨ, ਸਰਕਾਰ ਦੀ ਰੀੜ੍ਹ ਦੀ ਹੱਡੀ ਹਨ, ਫਿਰ ਵੀ ਉਨ੍ਹਾਂ ਨੂੰ ਰੈਗੂਲਰਾਈਜ਼ੇਸ਼ਨ ਅਤੇ ਹੋਰ ਕਾਨੂੰਨੀ ਸੇਵਾ ਲਾਭਾਂ ਤੋਂ ਅਜੇ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਸਰਕਾਰ ਦੀਆਂ ਰੈਗੂਲਰਾਈਜ਼ੇਸ਼ਨ ਨੀਤੀਆਂ ਦੇ ਅਨੁਸਾਰ ਸਾਰੇ ਯੋਗ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਨੂੰ ਖਤਮ ਕਰਨ ਅਤੇ ਸਾਰੇ ਅਸਥਾਈ ਕਰਮਚਾਰੀਆਂ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਕਰਮਚਾਰੀ 8 ਅਤੇ 10 ਅਗਸਤ ਨੂੰ ਹੜਤਾਲ ਕਰਨਗੇ, ਜਦੋਂ ਕਿ ਬਿਜਲੀ ਕਰਮਚਾਰੀ 6, 7 ਅਤੇ 8 ਅਗਸਤ ਅਤੇ 11, 12 ਅਤੇ 13 ਅਗਸਤ ਨੂੰ ਹੜਤਾਲ ਕਰਨਗੇ। ਇਸ ਮੌਕੇ ਬੋਲਦਿਆਂ ਸੀਆਈਟੀਯੂ ਦੇ ਜ਼ਿਲ੍ਹਾ ਸਕੱਤਰ ਵਿਜੇ ਢੁੱਕੜਾ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਜਲਦੀ ਹੀ ਸਕਾਰਾਤਮਕ ਫੈਸਲਾ ਨਹੀਂ ਲੈਂਦੀ ਹੈ ਤਾਂ ਅੰਦੋਲਨ ਨੂੰ ਪੂਰੇ ਰਾਜ ਵਿੱਚ ਫੈਲਾਇਆ ਜਾਵੇਗਾ। ਸੇਵਾਮੁਕਤ ਕਰਮਚਾਰੀ ਯੂਨੀਅਨ, ਹਰਿਆਣਾ ਦੇ ਸੂਬਾਈ ਉਪ ਪ੍ਰਧਾਨ ਮਹਿੰਦਰ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਲੰਬਿਤ ਮੰਗਾਂ ਦੇ ਹੱਲ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅਖਿਲ ਭਾਰਤੀ ਕਿਸਾਨ ਸਭਾ ਦੇ ਆਗੂ ਕਾਮਰੇਡ ਸੁਰਜੀਤ ਸਿੰਘ ਨੇ ਕਿਹਾ ਕਿ ਕਰਮਚਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਆਪਸ ਵਿੱਚ ਜੁੜੇ ਹੋਏ ਹਨ। ਕਿਸਾਨ ਸਭਾ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਸਮਰਥਨ ਵਿੱਚ ਕਰਮਚਾਰੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਇਸ ਮੌਕੇ ਮਾਸਟਰ ਵੀਰ ਸਿੰਘ, ਮਾਸਟਰ ਦੇਵੇਂਦਰ ਸਿੰਘ, ਮਨੋਜ ਅਟਵਾਲ, ਨਰੇਸ਼ ਚੌਹਾਨ, ਸੁਖਦੇਵ ਸਿੰਘ (ਫਾਇਰ), ਰਾਜੇਸ਼ ਖਿਚੜ, ਰਾਜੇਸ਼ ਭਾਕਰ, ਅਸ਼ੋਕ ਪਟਵਾਰੀ, ਰਾਜ ਕੁਮਾਰ ਸ਼ੇਖੂਪੁਰੀਆ, ਸੋਹਣ ਸਿੰਘ ਰੰਧਾਵਾ, ਅਜੈ ਪਾਸੀ, ਲਲਿਤ ਸੋਲੰਕੀ, ਸ਼ੀਸ਼ਪਾਲ ਸੋਲੰਕੀ, ਗੁਲਮੇਲ ਸਿੰਘ, ਰਾਹੁਲ ਕੁਮਾਰ ਸ਼ਰਮਾ, ਗੁਲਮੇਲ ਸਿੰਘ, ਰਾਹੁਲ ਕੁਮਾਰ ਸ਼ਰਮਾ, ਲਖਬੀਰ ਸਿੰਘ, ਰਾਜਬੀਰ ਸਿੰਘ ਆਦਿ ਸੈਂਕੜੇ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ’ਤੇ ਨੌਜਵਾਨਾਂ ਨੂੰ ਭੇਟ ਕੀਤੀਆਂ ਵਾਲੀਬਾਲ ਕਿੱਟਾਂ ਅਗਲੀ ਖ਼ਬਰ ਸ਼ਿਵ ਭਗਤਾਂ, ਕਾਂਵੜੀਆਂ ਦਾ ਇੱਕ ਸਮੂਹ ਹਰਿਦੁਆਰ ਲਈ ਹੋਇਆ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।