ਜਲੰਧਰ, 29 ਜਨਵਰੀ (ਸ਼ਿਵ)- ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਵੱਲੋਂ ਸੜਕਾਂ ਤੋਂ ਪੱਤਿਆਂ ਤੇ ਹੋਰ ਕੂੜਾ ਚੁੱਕਣ ਲਈ ਨਵੀਂ ਆਈ ਮਸ਼ੀਨ ਵੱਲੋਂ ਕੀਤੇ ਜਾ ਰਹੇ ਕੰਮ ਦਾ ਮੌਕਾ ਦੇਖਿਆ | ਇਹ ਮਸ਼ੀਨ ਪੱਤਿਆਂ ਤੋਂ ਇਲਾਵਾ ਹੋਰ ਹਰਾ ਕੂੜਾ ਵੀ ਚੁੱਕੇਗੀ | ਇਹ ਮਸ਼ੀਨ ਸੁਪਰ ਸਕਸ਼ਨ ਮਸ਼ੀਨ ਵਾਂਗ ਕੰਮ ਕਰੇਗੀ | ਉਨ੍ਹਾਂ ਨੇ ਇਸ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਨਾਲ ਮੁੱਖ ਸੜਕਾਂ ਤੋਂ ਇਲਾਵਾ ਹੋਰ ਵੀ ਕਈ ਸੜਕਾਂ ਤੋਂ ਕੂੜਾ ਚੁੱਕਣ ਦਾ ਕੰਮ ਕੀਤਾ ਜਾਵੇਗਾ | ਮੇਅਰ ਵਨੀਤ ਧੀਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ 8 ਹੋਰ ਮਸ਼ੀਨਾਂ ਆ ਰਹੀਆਂ ਹਨ | ਚਾਰੇ ਵਿਧਾਨ ਸਭਾ ਹਲਕਿਆਂ ਵਿਚ 1-1 ਮਸ਼ੀਨ ਦਿੱਤੀ ਜਾਵੇਗੀ | ਹਰ ਮਸ਼ੀਨ ਦੀ ਕੀਮਤ 27 ਲੱਖ ਰੁਪਏ ਦੀ ਹੈ | ਇੱਕ ਮਸ਼ੀਨ ਰੋਜ਼ਾਨਾ 15 ਕਿੱਲੋਮੀਟਰ ਤੱਕ ਦਾ ਇਲਾਕੇ ਦੀ ਸਫ਼ਾਈ ਕਰੇਗੀ | ਇਸ ਮਸ਼ੀਨ ਵਿਚ ਜੀ. ਪੀ. ਐੱਸ. ਸਿਸਟਮ ਲੱਗਾ ਹੋਇਆ ਹੈ | ਮੇਅਰ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿਚ ਕੰਟਰੋਲ ਰੂਮ ਰਾਹੀਂ ਇਨ੍ਹਾਂ ਮਸ਼ੀਨਾਂ ਦੇ ਕੰਮਕਾਜ ਦੀ ਨਿਗਰਾਨੀ ਕੀਤੀ ਜਾਵੇਗੀ | ਇਸ ਮਸ਼ੀਨ ਨੂੰ ਬੂਟਾ ਮੰਡੀ ਮੇਲੇ ਵਾਲੀ ਥਾਂ ਦੇ ਆਲ਼ੇ ਦੁਆਲੇ ਸਫ਼ਾਈ ਲਈ ਲਗਾਇਆ ਗਿਆ ਹੈ |