23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

-ਮਾਮਲਾ ਲੱਕੀ ਓਬਰਾਏ ਦੀ ਹੱਤਿਆ ਦਾ- ਪਹਿਲਾ ਮੁਲਜ਼ਮ ਜਲੰਧਰ ਪੁਲਿਸ ਹੱਥ ਆਇਆ, ਹੋਣਗੇ ਵੱਡੇ ਖ਼ੁਲਾਸੇ

ਅਜੀਤ ਡੈਸਕ 13-02-2026
ਜਲੰਧਰ, 12 ਫਰਵਰੀ (ਐੱਮ. ਐੱਸ. ਲੋਹੀਆ) - ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਆਗੂ ਸਤਵਿੰਦਰ ਸਿੰਘ (43) ਉਰਫ਼ ਲੱਕੀ ਓਬਰਾਏ ਪੁੱਤਰ ਸਵਰਗਵਾਸੀ ਇੰਦਰਪਾਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਅੰਮਿ੍ਤਸਰ ਜ਼ਿਲ੍ਹਾ ਦਿਹਾਤੀ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਸ਼ਮਿੰਦਰ ਸਿੰਘ ਵਾਸੀ ਮਿੱਠਾਪੁਰ ਜਲੰਧਰ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਪ੍ਰੋਡਕਸ਼ਨ ਵਰੰਟ 'ਤੇ ਲੈਣ ਤੋਂ ਬਾਅਦ ਉਸ ਦਾ 4 ਦਿਨ ਦਾ ਰਿਮਾਂਡ ਲਿਆ ਗਿਆ ਹੈ | ਇਸ ਦੌਰਾਨ ਪੁਲਿਸ ਸ਼ਮਿੰਦਰ ਸਿੰਘ ਤੋਂ ਹੱਤਿਆ ਸੰੰਬੰਧੀ ਤੇ ਇਸ ਮਾਮਲੇ 'ਚ ਸ਼ਾਮਲ ਸਾਰੇ ਮੁਲਜ਼ਮਾਂ ਬਾਰੇ ਵਿਸਥਾਰ ਨਾਲ ਪੁੱਛਗਿੱਛ ਕਰੇਗੀ | ਪੁਲਿਸ ਅਧਿਕਾਰੀਆਂ ਦਾ ਇਹ ਵੀ ਦਾਅਵਾ ਹੈ ਕਿ ਉਹ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰ ਲੈਣਗੇ | ਦੂਸਰੇ ਪਾਸੇ ਇਸ ਮਾਮਲੇ 'ਚ ਉਸ ਵਕਤ ਵੱਡਾ ਮੋੜ ਆ ਗਿਆ ਹੈ, ਜਦੋਂ ਇਸ ਮਾਮਲੇ 'ਚ ਪੁਲਿਸ ਵਲੋਂ ਦਰਜ ਕੀਤੀ ਗਈ ਐਫ਼.ਆਈ.ਆਰ. ਦੇ ਮੁਲਜ਼ਮ ਦਲਬੀਰ ਸਿੰਘ ਉਰਫ਼ ਦਲਬੀਰਾ ਨੇ ਸੋਸ਼ਲ ਮੀਡੀਆ ਚੈਨਲ 'ਤੇ ਆਪਣੀ ਇੰਟਰਵਿਊ ਦੇ ਕੇ ਲੱਕੀ ਦੀ ਹੱਤਿਆ 'ਚ ਉਸ ਨੂੰ ਨਾਮਜ਼ਦ ਕੀਤੇ ਜਾਣ ਨੂੰ ਇਕ ਸਾਜਿਸ਼ ਦੱਸਦੇ ਹੋਏ, ਆਪਣੇ 'ਤੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ | ਵਿਦੇਸ਼ 'ਚ ਬੈਠੇ ਦਲਬੀਰਾ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਵਲੋਂ ਪਿਛਲੇ ਦੋ ਸਾਲ ਤੋਂ ਕਿਸੇ ਵੀ ਤਰ੍ਹਾਂ ਦੇ ਅਪਰਾਧ 'ਚ ਕੋਈ ਸ਼ਮੂਲੀਅਤ ਨਹੀਂ ਕੀਤੀ ਗਈ ਤੇ ਨਾ ਹੀ ਉਸ ਦਾ ਲੱਕੀ ਓਬਰਾਏ ਨਾਲ ਕੋਈ ਝਗੜਾ ਸੀ | ਉਸ ਦਾ ਇਹ ਵੀ ਦਾਅਵਾ ਹੈ ਕਿ ਉਸ ਕੋਲ ਲੱਕੀ ਦੀ ਹੱਤਿਆ ਕਰਨ ਦੀ ਕੋਈ ਵੀ ਵਜ੍ਹਾ ਨਹੀਂ ਹੈ | ਉਸ ਨੇ ਕਿਹਾ ਕਿ ਐਫ਼.ਆਈ.ਆਰ. 'ਚ ਉਸ ਦਾ ਨਾਂਅ ਬੇਬੁਨਿਆਦ ਹੈ | ਦਲਬੀਰੇ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਜਿੱਥੇ ਤੱਕ ਉਸ ਦੀ ਜਾਣਕਾਰੀ ਹੈ, ਲੱਕੀ ਦੀ ਹੱਤਿਆ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੀ ਹੋਇਆ ਹੈ ਜਦਕਿ ਉਹ (ਦਲਬੀਰਾ) ਕਾਲਜ ਦੀਆਂ ਪ੍ਰਧਾਨਗੀਆਂ ਨੂੰ ਲੈ ਕੇ ਕਿਸੇ ਵੀ ਮਾਮਲੇ 'ਚ ਸ਼ਾਮਲ ਨਹੀਂ ਹੁੰਦਾ ਕਿਉਂਕਿ ਅੱਜ ਉਹ ਅਪਰਾਧ ਜਗਤ 'ਚ ਜਿਸ ਥਾਂ 'ਤੇ ਪਹੁੰਚ ਗਿਆ ਹੈ, ਉਸ ਦੀ ਸ਼ੁਰੂਆਤ ਕਾਲਜ ਦੀਆਂ ਪ੍ਰਧਾਨਗੀਆਂ ਦੇ ਝਗੜਿਆਂ ਤੋਂ ਹੀ ਹੋਈ ਸੀ, ਜਿਸ ਨੂੰ ਸੋਚ ਕੇ ਉਸ ਨੂੰ ਅੱਜ ਵੀ ਪਛਤਾਵਾ ਹੈ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਤੇ ਅਪਰਾਧੀਆਂ ਖ਼ਿਲਾਫ਼ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਪਰਹਾਰ-2' 'ਚ 61 ਅਪਰਾਧੀਆਂ ਦੀ ਇਕ ਲਿਸਟ ਬਣਾਈ ਗਈ ਹੈ, ਜਿਨ੍ਹਾਂ ਨੂੰ ਗਿ੍ਫ਼ਤਾਰ ਕਰਨ ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਜ਼ਮੀਨੀ ਪੱਧਰ 'ਤੇ ਇਕ ਜੰਗ ਛੇੜੀ ਗਈ ਹੈ | ਇਹ ਜਾਣਕਾਰੀ ਵੀ ਮਿਲੀ ਹੈ ਕਿ ਸਰਕਾਰ ਵਲੋਂ ਬਣਾਈ ਗਈ ਅਪਰਾਧੀਆਂ ਦੀ ਲਿਸਟ 'ਚ ਦਲਬੀਰੇ ਦਾ ਵੀ ਨਾਂਅ ਸ਼ਾਮਲ ਹੈ | ਵਰਨਣ ਯੋਗ ਹੈ ਕਿ 6 ਫਰਵਰੀ ਨੂੰ ਲੱਕੀ ਓਬਰਾਏ ਦੀ ਉਸ ਵਕਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਸਵੇਰੇ ਪਾਠ ਕਰਨ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ 'ਚੋਂ ਬਾਹਰ ਆ ਕੇ, ਉੱਥੋਂ ਜਾਣ ਲਈ ਆਪਣੀ ਥਾਰ ਗੱਡੀ 'ਚ ਬੈਠਾ ਹੋਇਆ ਸੀ | ਇਸ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਲੱਕੀ ਦੇ ਭਰਾ ਦਮਨਦੀਪ ਸਿੰਘ ਓਬਰਾਏ ਦੇ ਬਿਆਨਾਂ ਦੇ ਆਧਾਰ 'ਤੇ ਜੋਗਰਾਜ ਸਿੰਘ ਉਰਫ਼ ਜੋਗਾ ਤੇ ਦਲਬੀਰਾ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ, ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ |
ਇਹ ਸਵਾਲ ਕਰਨਗੇ ਹੱਤਿਆ ਦੀ ਵਜ੍ਹਾ ਨੂੰ ਉਜਾਗਰ
ਇਸ ਦੌਰਾਨ ਪੁਲਿਸ ਸ਼ਮਿੰਦਰ ਕੋਲੋਂ ਕੁਝ ਸਵਾਲਾਂ ਦੇ ਜਵਾਬ ਜ਼ਰੂਰ ਲਏਗੀ ਕਿ ਉਸ ਨੇ ਲੱਕੀ ਓਬਰਾਏ ਦੀ ਹੱਤਿਆ ਕਿਉਂ ਕੀਤੀ, ਹੱਤਿਆ ਦੇ ਪਿੱਛੇ ਵਜ੍ਹਾ ਰੰਜਿਸ਼ ਕੀ ਸੀ, ਸ਼ਮਿੰਦਰ ਤੇ ਹਤਿਆਰੇ ਦੇ ਆਪਸ 'ਚ ਕੀ ਸੰਬੰਧ ਸਨ | ਕੀ ਹੱਤਿਆ ਵਾਲੇ ਦਿਨ ਸ਼ਮਿੰਦਰ ਤੇ ਹੱਤਿਆਰੇ ਤੋਂ ਇਲਾਵਾ ਕੋਈ ਹੋਰ ਮੁਲਜ਼ਮ ਵੀ ਸ਼ਹਿਰ 'ਚ ਮੌਜੂਦ ਸਨ | ਲੱਕੀ ਦੀ ਹੱਤਿਆ ਦੀ ਸਾਜਿਸ਼ ਕਦੋਂ ਤੋਂ ਚੱਲ ਰਹੀ ਸੀ | ਹੱਤਿਆ ਲਈ ਹੱਥਿਆਰ ਕਦੋਂ ਤੇ ਕਿਸੇ ਨੇ ਮੁਹੱਈਆ ਕਰਵਾਏ |
ਪਿਛਲੀ ਖ਼ਬਰ ਨਿਤਿਨ ਕੋਹਲੀ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਗੁਹਾਟੀ ਵਿਖੇ ਭਾਰਤ ਬੰਦ ਦੌਰਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।