ਜਲੰਧਰ, 13 ਫਰਵਰੀ (ਜਸਪਾਲ ਸਿੰਘ)- ਲਤੀਫਪੁਰਾ ਦਾ ਮਸਲਾ ਹੱਲ ਕਰਵਾਉਣ 'ਤੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੇ ਚੇਅਰਮੈਨ ਵਰਿੰਦਰ ਮਲਿਕ ਤੇ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ਅਗਵਾਈ ਹੇਠ ਕਮੇਟੀ ਦੇ ਇਕ ਵਫਦ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਉਨ੍ਹਾਂ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ | ਵਰਿੰਦਰ ਮਲਿਕ ਤੇ ਜਸਵਿੰਦਰ ਸਿੰਘ ਸਾਹਨੀ ਨੇ ਕਿਹਾ ਕਿ ਲਗਭਗ ਇੱਕ ਮਹੀਨਾ ਪਹਿਲਾਂ ਲਤੀਫਪੁਰਾ ਸੜਕ ਨੂੰ ਖੋਲ੍ਹਣ ਸੰਬੰਧੀ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਦੇ ਮੈਂਬਰਾਂ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ ਕਿ ਲੰਬੇ ਸਮੇਂ ਤੋਂ ਬੰਦ ਪਈ ਸੜਕ ਕਾਰਨ ਅਕਸਰ ਇੱਥੇ ਲੰਬਾ ਜਾਮ ਲੱਗਾ ਰਹਿੰਦਾ ਹੈ ਜਿਸ ਕਾਰਨ ਆਮ ਜਨਤਾ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ 'ਤੇ ਮੁੱਖ ਮੰਤਰੀ ਨੇ ਕਮੇਟੀ ਮੈਂਬਰਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਮਸਲੇ ਦਾ ਸਾਰਥਕ ਹੱਲ ਕੱਢਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਗਾ ਕੇ ਲਤੀਫ਼ਪੁਰਾ ਸੜਕ ਨੂੰ ਦੁਬਾਰਾ ਜਨਤਾ ਲਈ ਖੋਲ੍ਹ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ | ਇਸ ਮੌਕੇ ਕਮੇਟੀ ਮੈਂਬਰਾਂ ਨੇ ਜਿੱਥੇ ਮੁੱਖ ਮੰਤਰੀ ਵਲੋਂ ਇਸ ਮਸਲੇ 'ਤੇ ਤੁਰੰਤ ਕਾਰਵਾਈ ਕਰਨ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਨਾਲ ਹੀ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ, ਮੈਡਮ ਰਾਜਵਿੰਦਰ ਕੌਰ ਥਿਆੜਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਤੇ ਆਤਮ ਪ੍ਰਕਾਸ਼ ਬਬਲੂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਰਾਜੀਵ ਦੁੱਗਲ, ਰਬਿੰਦਰ ਸਿੰਘ, ਸੁਨੀਲ ਚੋਪੜਾ, ਲਲਿਤ ਤਿ੍ਖਾ, ਵਿਵੇਕ ਭਾਰਦਵਾਜ ਤੇ ਰੋਹਿਤ ਮਲਿਕ ਆਦਿ ਮੌਜੂਦ ਸਨ |