ਜਲੰਧਰ, 18 ਫਰਵਰੀ (ਸ਼ਿਵ)- ਜਲੰਧਰ ਵਿਚ ਪੰਜਾਬ ਟਰੇਡ ਵਿੰਗ ਵੱਲੋਂ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿਚ ਵਪਾਰੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਵਪਾਰ ਜਗਤ ਨਾਲ ਸੰਬੰਧਿਤ ਕਈ ਪ੍ਰਤੀਨਿਧੀਆਂ ਨੇ ਹਿੱਸਾ ਲੈਂਦਿਆਂ ਆਪਣੇ ਮੁੱਦੇ ਖੁੱਲ੍ਹ ਕੇ ਰੱਖੇ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਵਪਾਰੀਆਂ ਨੂੰ ਸੰਬੋਧਨ ਕੀਤਾ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਇੰਦਰ ਵੰਸ਼ ਸਿੰਘ ਚੱਡਾ, ਸਟੇਟ ਮੈਂਬਰ ਰਿੱਕੀ ਮਨੋਚਾ, ਜਲੰਧਰ ਦੇ ਮੇਅਰ ਵਿਨੀਤ ਧੀਰ ਤੇ ਰਾਜਵਿੰਦਰ ਥਿਆੜਾ ਸਮੇਤ ਕਈ ਪ੍ਰਮੁੱਖ ਆਗੂ ਤੇ ਵਪਾਰੀ ਭਰਾ ਮੌਜੂਦ ਸਨ | ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਡੀ.ਈ.ਟੀ.ਸੀ. ਦਲਬੀਰ ਰਾਜ ਕੌਰ, ਐਡੀਸ਼ਨਲ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ, ਸੁਖਵਿੰਦਰ ਸਿੰਘ ਤੇ ਐੱਸ.ਪੀ. ਹੈੱਡਕੁਆਟਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਜਿਨ੍ਹਾਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਤੇ ਸੰਬੰਧਿਤ ਮਾਮਲਿਆਂ 'ਤੇ ਕਾਰਵਾਈ ਦਾ ਭਰੋਸਾ ਦਿਵਾਇਆ | ਮੀਟਿੰਗ ਦੌਰਾਨ ਵਪਾਰੀਆਂ ਨੇ ਲਾਇਸੈਂਸ ਸੰਬੰਧੀ ਦਿੱਕਤਾਂ, ਟੈਕਸ ਮਸਲੇ, ਬੁਨਿਆਦੀ ਢਾਂਚੇ ਦੀ ਘਾਟ ਤੇ ਸਥਾਨਕ ਪੱਧਰ ਦੀਆਂ ਪ੍ਰਸ਼ਾਸਕੀ ਸਮੱਸਿਆਵਾਂ ਨੂੰ ਉਠਾਇਆ | ਨਿਤਿਨ ਕੋਹਲੀ ਨੇ ਹਰ ਇੱਕ ਮਸਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਇਹ ਸਾਰੇ ਮੁੱਦੇ ਸੰਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਜਲਦ ਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾਵੇਗਾ |