ਜਲੰਧਰ, 27 ਫਰਵਰੀ (ਹਰਵਿੰਦਰ ਸਿੰਘ ਫੁੱਲ)- ਜੀ.ਆਰ.ਪੀ. ਪੁਲਿਸ ਨੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੁਲਿਸ ਸੁਪਰਡੈਂਟ (ਜੀ.ਆਰ.ਪੀ.ਪੰਜਾਬ) ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਜੀ.ਆਰ.ਪੀ., ਆਰ.ਪੀ.ਐਫ ਤੇ ਡਾਗ ਸਕੂਐਡ ਦੇ ਨਾਲ ਸਿਟੀ ਰੇਲਵੇ ਸਟੇਸ਼ਨ 'ਤੇ ਪਬਲਿਕ ਜਾਗਰੂਕਤਾ ਤੇ ਜਾਂਚ (ਪੀ.ਏ.ਐੱਸ.ਉ.) ਮੁਹਿੰਮ ਚਲਾਈ ਗਈ | ਇਸ ਕਾਰਵਾਈ ਦੌਰਾਨ ਪੁਲਿਸ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ | ਇਸ ਮੌਕੇ ਪੁਲਿਸ ਸੁਪਰਡੈਂਟ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ 'ਤੇ ਪਬਲਿਕ ਜਾਗਰੂਕਤਾ ਤੇ ਜਾਂਚ ਇੱਕ ਨਿਯਮਤ ਪ੍ਰਕਿਰਿਆ ਦਾ ਹਿੱਸਾ ਹੈ ਪਰ ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਇੱਕ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਿਟੀ ਰੇਲਵੇ ਸਟੇਸ਼ਨ ਤੋਂ ਬਾਅਦ, ਕੈਂਟ ਰੇਲਵੇ ਸਟੇਸ਼ਨ 'ਤੇ ਵੀ ਚੈਕਿੰਗ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਦੀ ਜਾਂਚ ਮੁਹਿੰਮ 'ਚ 100 ਤੋਂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ ਲੈ ਕੇ ਅੱਜ ਤੱਕ ਜੀ.ਆਰ.ਪੀ. ਵਲੋਂ ਐਨ.ਡੀ.ਪੀ.ਐੱਸ. ਐਕਟ ਤਹਿਤ 20 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ 2.750 ਕਿੱਲੋਗਰਾਮ ਅਫ਼ੀਮ, 0.008 ਕਿੱਲੋਗਰਾਮ ਹੈਰੋਇਨ, 95.900 ਕਿੱਲੋਗਰਾਮ ਚੂਰਾ ਪੋਸਤ, 38.650 ਕਿੱਲੋਗਰਾਮ ਗਾਂਜੇ ਤੋਂ ਇਲਾਵਾ ਆਰਮ ਐਕਟ ਤਹਿਤ 6 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ ਇੱਕ ਪਿਸਤੌਲ, ਇੱਕ ਕੱਟਾ, ਦੋ ਮੈਗਜ਼ਿਨ ਤੇ ਚਾਰ ਚਾਕੂ ਸ਼ਾਮਲ ਹਨ | ਇਸ ਮੌਕੇ ਤਾਨਾ ਜੀ.ਆਰ.ਪੀ. ਦੇ ਐੱਸ.ਐਚ.ਓ. ਸ਼ਿਆਮ ਸੁੰਦਰ ਸ਼ਰਮਾ ਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ |