ਕਰਤਾਰਪੁਰ, 27 ਫਰਵਰੀ (ਜਨਕ ਰਾਜ ਗਿੱਲ) - ਬੀਤੀ ਰਾਤ ਕਰਤਾਰਪੁਰ ਕੌਮੀ ਰਾਜ ਮਾਰਗ 'ਤੇ 7 ਦੇ ਕਰੀਬ ਦੁਕਾਨਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਹੈ ਜਿਸ ਵਿਚ ਦੁਕਾਨਦਾਰਾਂ ਨੂੰ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪੀੜਤ ਦੁਕਾਨਦਾਰਾਂ 'ਚ ਡਾ. ਮਹਿੰਦਰਜੀਤ ਸਿੰਘ, ਜਗਦੀਸ਼ ਜਗਦੀਸ਼ ਸ਼ਾਕਰ ਰਿਪੇਅਰ, ਅਨਮੋਲ ਟੈਂਟ ਹਾਊਸ, ਮਿਰਚ ਮਸਾਲੇ ਬਣਾਉਣ ਵਾਲੇ ਤੇ ਇਨਵੈਟਰ ਅਤੇ ਬੈਟਰੀਆਂ ਵੇਚਣ ਵਾਲੇ ਰਿਸ਼ੀ ਸੂਦ ਨੇ ਰੋਸ ਜਤਾਉਂਦੇ ਹੋਏ ਦੱਸਿਆ ਕਿ ਸ਼ਹਿਰ ਕਰਤਾਰਪੁਰ 'ਚ ਕਾਨੂੰਨ ਵਿਵਸਥਾ ਪੂਰੀ ਤਰਾਂ ਫੇਲ੍ਹ ਹੋਈ ਪਈ ਹੈ | ਇੱਕ ਪਾਸੇ ਜਿੱਥੇ ਸਥਾਨਕ ਪੁਲਿਸ ਚਲਾਨ ਕੱਟਣ 'ਚ ਰੁੱਝੀ ਪਈ ਹੈ ਉੱਥੇ ਹੀ ਬੀਤੀ ਰਾਤ ਚੋਰਾਂ ਵਲੋਂ ਥਾਣਾ ਕਰਤਾਰਪੁਰ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਹੀ ਰਾਤ ਕਰੀਬ ਸਾਢੇ ਤਿੰਨ ਵਜੇ ਦੇ ਕਰੀਬ ਛੋਟੇ ਹਾਥੀ 'ਚ ਸਵਾਰ ਹੋ ਕੇ ਆਏ 3 ਚੋਰਾਂ ਵਲੋਂ ਬੇਖੌਫ ਹੋ ਕੇ ਕੌਮੀ ਰਾਜ ਮਾਰਗ 'ਤੇ ਸਥਿਤ ਇਨ੍ਹਾਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਪੀੜਤਾਂ ਵਲੋਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਅਪੀਲ ਕੀਤੀ ਗਈ | ਘਟਨਾਂ ਦੀ ਇਤਲਾਹ ਮਿਲਦੇ ਹੀ ਥਾਣਾ ਕਰਤਾਰਪੁਰ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਆਰੰਭਦੇ ਹੋਏ ਕਿਹਾ ਕਿ ਜਲਦ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਦੀ ਗਿ੍ਫਤ 'ਚ ਹੋਣਗੇ |