ਲੁਟੇਰਿਆਂ ਨੇ ਵਿਦੇਸ਼ ਤੋਂ ਆਈ ਲੜਕੀ ਦਾ ਪਰਸ ਖੋੋਹਿਆ
ਅਜੀਤ ਡੈਸਕ
28-02-2026
ਕਿਸ਼ਨਗੜ੍ਹ, 27 ਫਰਵਰੀ (ਹੁਸਨ ਲਾਲ) - ਬੀਤੇ ਕੁਝ ਦਿਨ ਪਹਿਲਾਂ ਕਿਸ਼ਨਗੜ੍ਹ-ਕਰਤਾਰਪੁਰ ਰੋਡ 'ਤੇ ਸਥਿਤ ਅੱਡਾ ਫਰੀਦਪੁਰ ਨਜ਼ਦੀਕ ਐਕਟਿਵਾ ਸਵਾਰ ਦੋ ਲੁਟੇਰਿਆਂ ਵੱਲੋਂ ਐਕਟਿਵਾ ਸਵਾਰ ਲੜਕੀਆਂ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ | ਜੋਤੀ ਪੁੱਤਰੀ ਬੱਗਾ ਨਿਵਾਸੀ ਮਹਿੰਦੀਪੁਰ ਚੌਕ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਨੇ ਸਥਾਨਕ ਕਿਸ਼ਨਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਆਈ ਸੀ ਤੇ ਉਸ ਨੇ ਜਲਦ ਵਿਦੇਸ਼ ਵਾਪਸ ਚਲੇ ਜਾਣਾ ਸੀ ਜਿਸ ਕਰਕੇ ਉਹ ਆਪਣੀ ਸਹੇਲੀ ਨਾਲ ਐਕਟਿਵਾ 'ਤੇ ਆਪਣੀ ਭੈਣ ਸੁਮਨ ਨਿਵਾਸੀ ਦੁੱਗਰੀ (ਜਲੰਧਰ) ਨੂੰ ਮਿਲਣ ਆ ਰਹੀ ਸੀ | ਜਦੋਂ ਅੱਡਾ ਪਿੰਡ ਫਰੀਦਪੁਰ ਨਜ਼ਦੀਕ ਪਹੁੰਚੀਆਂ ਤਾਂ ਇਸੇ ਦੌਰਾਨ ਦੋ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ, ਉਹ ਆਪਣੀ ਐਕਟਿਵਾ ਫਰੀਦਪੁਰ ਅੱਡੇ ਨਜ਼ਦੀਕ ਦੁਕਾਨ ਕੋਲ ਖੜੀ ਕਰਕੇ ਦੁਕਾਨ 'ਚ ਜਾ ਵੜੀਆਂ, ਉਕਤ ਦੋਨੋਂ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਪਿੱਛੇ ਦੁਕਾਨ 'ਚ ਆ ਗਏ ਤੇ ਉਸ ਦੇ ਹੱਥ ਵਿੱਚੋਂ ਪਰਸ ਖੋਹ ਕੇ ਫ਼ਰਾਰ ਹੋ ਗਏ | ਜੋਤੀ ਨੇ ਪੁਲਿਸ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਰਸ ਵਿੱਚ ਉਸ ਦਾ ਪਾਸਪੋਰਟ, ਪੈਨ ਕਾਰਡ, ਆਧਾਰ ਕਾਰਡ ਤੇ ਇਕ ਬੈਂਕ ਦਾ ਈ.ਟੀ.ਐਮ. ਕਾਰਡ ਤੇ ਵਿਦੇਸ਼ੀ ਕਰੰਸੀ ਸੀ | ਏ.ਐਸ.ਆਈ. ਰਜਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਜੰਗੀ ਪੱਧਰ 'ਤੇ ਜਾਰੀ ਹੈ |