ਮਲਸੀਆਂ, 27 ਫਰਵਰੀ (ਸੁਖਦੀਪ ਸਿੰਘ)- ਰਾਜ ਸਭਾ ਮੈਂਬਰ ਤੇ ਵਾਤਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਫਿਲੀਪਾਈਨ ਦੌਰੇ ਦੌਰਾਨ ਉੱਥੇ ਵਸਦੇ ਪੰਜਾਬੀ ਭਾਈਚਾਰੇ ਨਾਲ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਤੇ ਧਾਰਮਿਕ ਸਮਾਗਮਾਂ 'ਚ ਸੰਬੋਧਨ ਕਰਦਿਆਂ ਪੰਜਾਬ ਦੇ ਇਤਿਹਾਸਕ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੀ ਚਰਚਾ ਕੀਤੀ | ਉਨ੍ਹਾਂ ਨੇ ਡਾਗੁਪਨ ਤੇ ਉਰਦਾਨੇਤਾ ਵਿੱਚ ਕਰਵਾਏ ਸਮਾਗਮਾਂ ਦੌਰਾਨ ਕਿਹਾ ਕਿ ਕਦੇ ਜੀਵਨ-ਰੇਖਾ ਮੰਨਿਆ ਜਾਣ ਵਾਲਾ ਬੁੱਢਾ ਦਰਿਆ ਬੇਧਿਆਨੀ ਤੇ ਪ੍ਰਦੂਸ਼ਣ ਕਾਰਨ ਹੌਲੀ-ਹੌਲੀ ਨਾਲੇ 'ਚ ਤਬਦੀਲ ਹੋ ਗਿਆ ਸੀ | ਇਹ ਸਥਿਤੀ ਸਮਾਜ ਲਈ ਚਿੰਤਾਜਨਕ ਸੀ ਪਰ ਹੁਣ ਸੰਗਤਾਂ ਦੀ ਨਿਸ਼ਕਾਮ ਕਾਰਸੇਵਾ ਤੇ ਸਮੂਹਿਕ ਯਤਨਾਂ ਨਾਲ ਇਸਦੀ ਪੁਰਾਤਨ ਪਵਿੱਤਰਤਾ ਮੁੜ ਬਹਾਲ ਕਰਨ ਦੀ ਮਜ਼ਬੂਤ ਕੋਸ਼ਿਸ਼ ਜਾਰੀ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਅਕਾਲ ਪੁਰਖ ਦੀ ਕਿਰਪਾ ਤੇ ਲੋਕਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਇਤਿਹਾਸਕ ਸਫ਼ਲਤਾ ਹਾਸਲ ਕਰੇਗੀ | ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆ ਸਿਰਫ਼ ਪਾਣੀ ਦੇ ਸਰੋਤ ਨਹੀਂ, ਸਗੋਂ ਕਿਸੇ ਵੀ ਸੱਭਿਆਚਾਰ ਦੀ ਆਤਮਾ ਹੁੰਦੇ ਹਨ | ਪੰਜ ਆਬਾਂ ਦੀ ਧਰਤੀ ਪੰਜਾਬ ਦੀ ਸ਼ਾਨ ਉਸਦੇ ਦਰਿਆ ਹੀ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਰਿਆਵਾਂ ਦੀ ਸੰਭਾਲ ਤੇ ਪਵਿੱਤਰਤਾ ਬਰਕਰਾਰ ਰੱਖਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਨੇ ਫਿਲੀਪਾਈਨ ਦੇ ਵੱਖ-ਵੱਖ ਸ਼ਹਿਰਾਂ ਤੇ ਟਾਪੂਆਂ 'ਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨਾਲ ਆਪਣਾ ਰੂਹਾਨੀ ਤੇ ਜਜ਼ਬਾਤੀ ਨਾਤਾ ਕਾਇਮ ਰੱਖਣ ਤੇ ਆਪਣੇ ਪਿੰਡਾਂ-ਕਸਬਿਆਂ 'ਚ ਵਗਦੀਆਂ ਛੋਟੀਆਂ-ਵੱਡੀਆਂ ਨਦੀਆਂ, ਚੋਆਂ ਤੇ ਤਲਾਬਾਂ ਦੀ ਸਫ਼ਾਈ ਲਈ ਅੱਗੇ ਆਉਣ | ਇਸ ਮੌਕੇ ਫਿਲੀਪਾਈਨ 'ਚ ਵੱਸਦੇ ਸੇਵਾਦਾਰਾਂ ਤੇ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੀਚੇਵਾਲ ਨੂੰ ਲੋਕ-ਭਲਾਈ ਤੇ ਵਾਤਾਵਰਨ ਲਈ ਕੀਤੇ ਜਾ ਰਹੇ ਕਾਰਜਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |