ਲੋਹੀਆਂ ਖਾਸ, 28 ਮਾਰਚ (ਪ. ਪ. ਰਾਹੀਂ)-ਨੈਸ਼ਨਲ ਹਾਈਵੇ 703ਏ. 'ਤੇ ਪੈਂਦੇ ਲੋਹੀਆਂ (ਜ਼ੰ:) ਰੇਲਵੇ ਸਟੇਸ਼ਨ ਅਧੀਨ ਫਾਟਕ 'ਐੱਸ.-53' ਜਿਸ ਨੂੰ 'ਸੁਲਤਾਨਪੁਰ ਵਾਲਾ ਫਾਟਕ' ਵੀ ਕਿਹਾ ਜਾਂਦਾ ਹੈ, ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਰਿਪੇਅਰ ਕਰਨ ਲਈ ਮਿਤੀ 25 ਮਾਰਚ ਨੂੰ ਸਵੇਰੇ 8 ਵਜੇ ਤੋਂ 31 ਮਾਰਚ ਰਾਤ 8 ਵਜੇ ਤੱਕ (7 ਦਿਨ ਵਾਸਤੇ) ਬੰਦ ਕੀਤਾ ਹੋਇਆ ਹੈ, ਪਰ ਇਸ ਦੀ ਰਿਪੇਅਰ ਕਰਵਾਉਣ ਵਾਲੇ ਕਰਿੰਦਿਆਂ ਅਤੇ ਪ੍ਰਬੰਧਕਾਂ ਵਲੋਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਇਸ ਕਦਰ ਵਧਾਈਆਂ ਹੋਈਆਂ ਹਨ ਕਿ ਇਲਾਕੇ ਦੇ ਲੋਕ ਤੇ ਦੁਕਾਨਦਾਰ ਭਰੇ ਪੀਤੇ ਪਏ ਹਨ | ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਰਿਪੇਅਰ ਕਰਵਾਉਣ ਵਾਲੇ ਕਰਿੰਦਿਆਂ ਤੇ ਪ੍ਰਬੰਧਕਾਂ ਵਲੋਂ ਲੋਹੀਆਂ ਦੇ ਟੀ ਪੁਆਇੰਟ ਜਾਂ ਹੋਰ ਕਿਧਰੇ ਵੀ ਦੂਰ ਦੁਰਾਡੇ ਤੋਂ ਆ ਰਹੇ ਰਾਹਗੀਰਾਂ ਨੂੰ 'ਅੱਗੇ ਰਸਤਾ ਬੰਦ ਹੈ' ਸਮੇਤ ਕੋਈ ਵੀ ਸੰਕੇਤਕ ਬੋਰਡ ਜਾਂ ਬੈਨਰ ਨਹੀਂ ਲਗਾਇਆ, ਜਿਸ ਕਾਰਨ ਲੋਕ ਜਦੋਂ ਆਪਣੇ ਵਾਹਨਾਂ (ਟਰਾਲਿਆਂ, ਟਰੱਕਾਂ) ਆਦਿ ਨਾਲ ਰੇਲਵੇ ਫਾਟਕ ਕੋਲ ਪੁੱਜੇ ਹਨ ਤਾਂ ਉਥੋਂ ਵਾਪਸ ਮੁੜਨ ਨੂੰ ਜਗ੍ਹਾ ਬਹੁਤ ਘੱਟ ਹੋਣ ਕਾਰਨ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ ਕਿਉਂਕਿ ਰੇਲਵੇ 'ਤੇ ਬਣ ਰਹੇ ਪੁੱਲ ਕਾਰਨ ਦੋਨੇ ਸਾਈਡਾਂ ਦੀਆਂ ਸਰਵਿਸ ਸੜਕਾਂ ਜੋ ਪਹਿਲਾਂ ਹੀ ਬੁਰੀ ਤਰ੍ਹਾਂ ਟੁੱਟੀਆਂ ਪਈਆਂ ਹਨ, ਉਤੋਂ ਇਸ ਸਰਵਿਸ ਸੜਕ ਦੇ ਰਸਤੇ 'ਤੇ ਆਏ ਇਕ ਟਰਾਲੇ ਕੋਲੋਂ ਜਦ ਮੁੜ ਨਾ ਹੋਇਆ ਤਾਂ ਉਸ ਸੜਕ ਕੰਢੇ ਬਣੇ ਨਾਲੇ 'ਤੇ ਜਾ ਚੜਿਆ, ਜਿਸ ਦੀ ਉਪਰਲੀ ਸੈਫਲ ਟੁੱਟ ਗਈ ਅਤੇ ਟਰਾਲੇ ਦੇ ਟਾਇਰ ਹੇਠਾਂ ਜਾ ਵਰ੍ਹੇ | ਟੇਢਾ ਟਰਾਲਾ ਨਾ ਅੱਗੇ ਨਾ ਪਿੱਛੇ ਨਿਕਲ ਸਕਿਆ, ਜਿਸ ਕਾਰਨ ਇਕ ਪਾਸੇ ਦੀ ਸੜਕ ਬੰਦ ਹੋ ਗਈ ਤੇ ਸਾਰਾ ਦਿਨ ਦੂਜੇ ਪਾਸੇ ਦੀ ਛੋਟੀ ਸੜਕ 'ਤੇ ਲੋਕ ਖੱਜਲ ਹੁੰਦੇ ਰਹੇ | ਇਸ ਸੰਬੰਧੀ ਕੰਮ ਕਰਵਾ ਰਹੇ ਰੇਲਵੇ ਦੇ ਅਧਿਕਾਰੀ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਹ ਨਹੀਂ ਹੋ ਸਕੀ |