ਗੁਰਾਇਆ, 28 ਮਾਰਚ (ਬਲਵਿੰਦਰ ਸਿੰਘ)-ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ 14 ਤੋਂ 15 ਸਾਲ ਦੀ ਉਮਰ ਦੀਆਂ ਬੱਚੀਆਂ 'ਚ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐਚ. ਪੀ. ਵੀ. ਟੀਕਾਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੂਲਾਂ 'ਚ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਹ ਜਾਗਰੂਕਤਾ ਗਤੀਵਿਧੀਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਜੀਤ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਬਾਲ ਸੁਰੱਖਿਆ ਪੋ੍ਰਗਰਾਮ ਦੀਆਂ ਟੀਮਾਂ, ਕਮਿਊਨਿਟੀ ਹੈਲਥ ਅਫ਼ਸਰਾਂ ਤੇ ਸਿਹਤ ਵਿਭਾਗ ਦੇ ਹੋਰ ਸਟਾਫ਼ ਵਲੋਂ ਕਰਵਾਈਆਂ ਗਈਆਂ | ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਸਕੂਲਾਂ 'ਚ ਵਿਦਿਆਰਥਣਾਂ ਨੂੰ ਐਚ. ਪੀ. ਵੀ. ਵਾਇਰਸ ਅਤੇ ਇਸ ਨਾਲ ਹੋਣ ਵਾਲੇ ਸਰਵਾਈਕਲ ਕੈਂਸਰ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ 14 ਤੋਂ 15 ਸਾਲ ਦੀ ਉਮਰ ਦੀਆਂ ਬੱਚੀਆਂ ਲਈ ਐਚ. ਪੀ. ਵੀ. ਟੀਕਾਕਰਨ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਟੀਕਾ ਭਵਿੱਖ 'ਚ ਸਰਵਾਈਕਲ ਕੈਂਸਰ ਤੋਂ ਬਚਾਅ ਵਿਚ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ | ਆਰ. ਬੀ. ਐੱਸ. ਕੇ. ਟੀਮਾਂ ਤੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਵਿਦਿਆਰਥਣਾਂ ਨੂੰ ਸਿਹਤ ਸੰਬੰਧੀ ਸਹੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਟੀਕਾਕਰਨ ਦੇ ਫ਼ਾਇਦੇ ਸਮਝਾਏ | ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ |