ਕਿਸ਼ਨਗੜ੍ਹ, 28 ਮਾਰਚ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ (ਬਰਾਂਚ ਦਮਦਮੀ ਟਕਸਾਲ) ਸਰਮਸਤਪੁਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਅਤੇ ਸਮੂਹ ਸਿੰਘਾਂ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਦੀ ਸਰਪ੍ਰਸਤੀ ਹੇਠ ਬਾਬਾ ਜੀਵਾ ਸਿੰਘ ਸੰਚਾਲਕ ਗੁਰਦੁਆਰਾ ਬਾਬੇ ਸ਼ਹੀਦਾਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਤੋਂ ਭਾਈ ਸਾਹਿਬ ਗੁਰਵਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਜੈਕਾਰਿਆਂ ਨਾਲ ਆਰੰਭ ਹੋ ਕੇ ਪਿੰਡ ਸਰਮਸਤਪੁਰ, ਪਿੰਡ ਧੋਗੜੀ, ਸਿਕੰਦਰਪੁਰ, ਅਲਾਵਲਪੁਰ, ਦੌਲਤਪੁਰ, ਕਿਸ਼ਨਗੜ੍ਹ, ਸੰਘਵਾਲ ਸਾਧਾਵਾਲੀ, ਕਰਾੜੀ, ਗੋਪਾਲਪੁਰ, ਨਿਜ਼ਾਮਦੀਨਪੁਰ, ਸ਼ੀਤਲਪੁਰ, ਰਾਣੀ ਭੱਟੀ, ਰਸੂਲਪੁਰ ਬ੍ਰਾਹਮਣਾ, ਦਾਸੂਪੁਰ, ਰਹੀਮਪੁਰ, ਦੁਗਰੀ, ਨੌਗੱਜਾ, ਮੰਨਣਾ, ਬੱਲਾਂ, ਰਾਏਪੁਰ-ਰਸੂਲਪੁਰ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਬਾਬਾ ਜੀਵਾ ਸਿੰਘ, ਭਾਈ ਉਂਕਾਰ ਸਿੰਘ ਦੇ ਕੀਰਤਨੀ ਜਥੇ ਤੇ ਭਾਈ ਰਣਧੀਰ ਸਿੰਘ ਘੁਮਾਣਾ ਢਾਡੀ ਜਥੇ ਤੋਂ ਕਥਾ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਸਰਵਣ ਕਰਵਾਇਆ | ਨਗਰ ਕੀਰਤਨ ਦੌਰਾਨ ਰਣਜੀਤ ਨਗਾਰਾ ਤੇ ਗਤਕਾ ਪਾਰਟੀਆਂ ਵਲੋਂ ਵੱਖ-ਵੱਖ ਪੜਾਵਾਂ 'ਤੇ ਗਤਕੇ ਦੇ ਜੌਹਰ ਦਿਖਾਏ ਗਏ | ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸਮੁੱਚੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਦਿਆਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਭਾਈ ਸਾਹਿਬ ਭਾਈ ਬਾਬਾ ਜੀਵਾ ਸਿੰਘ ਨੇ ਦੱਸਿਆ ਕਿ ਅੱਜ ਸਾਲਾਨਾ ਜੋੜ ਮੇਲੇ ਮੌਕੇ ਸਵੇਰੇ 9 ਵਜੇ ਤੋਂ ਸ਼ਾਮੀਂ 4 ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ, ਜਿਸ 'ਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ, ਕਥਾਵਾਚਕ ਤੇ ਸੰਤ ਮਹਾਂਪੁਰਸ਼ ਸਮੂਹ ਸਿੰਘਾਂ ਸ਼ਹੀਦਾਂ ਦੇ ਜੀਵਨ ਇਤਿਹਾਸ ਤੋਂ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਉਣਗੇ |