ਜੰਡਿਆਲਾ ਮੰਜਕੀ, 28 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਚੌਕੀ ਜੰਡਿਆਲਾ ਮੰਜਕੀ ਦੇ ਪਿੰਡ ਨੱਥੇਵਾਲ ਵਿਚ ਇਕ ਨੌਜਵਾਨ ਉੱਪਰ ਹਮਲਾ ਕਰਨ ਵਾਲੇ ਆਕਾਸ਼ਦੀਪ ਪੁੱਤਰ ਅਜੈ ਕੁਮਾਰ ਵਾਸੀ ਨੱਥੇਵਾਲ ਅਤੇ ਉਸ ਦੇ ਦੋ ਹੋਰ ਸਾਥੀਆਂ ਖ਼ਿਲਾਫ਼ ਥਾਣਾ ਸਦਰ ਵਿਚ ਅੱਠ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਸੁਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਨੱਥੇਵਾਲ ਥਾਣਾ ਸਦਰ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਡਰਾਇਵਰੀ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਸਮੇਤ ਪਿੰਡ ਦੇ ਬਾਹਰ ਡੇਰੇ 'ਤੇ ਰਹਿੰਦਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਉਸਨੇ ਕਿਹਾ ਕਿ 12 ਮਾਰਚ ਨੂੰ ਜਦੋਂ ਮੈਂ ਆਪਣੇ ਮੋਟਰਸਾਈਕਲ ਨੰਬਰ ਪੀਬੀ 09-ਪੀ-3658 'ਤੇ ਪਿੰਡ ਨੱਥੇਵਾਲ ਦੇ ਇਕ ਕਰਿਆਨਾ ਸਟੋਰ ਤੋਂ ਸਾਮਾਨ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਸ਼ਾਮ 7:30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਮੈਨੂੰ ਰੋਕਿਆ ਅਤੇ ਆਕਾਸ਼ਦੀਪ ਪੁੱਤਰ ਅਜੈ ਕੁਮਾਰ ਨੇ ਆਪਣੇ ਹੱਥ ਵਿਚ ਫੜੇ ਲੋਹੇ ਦੇ ਪੰਚ ਦਾ ਵਾਰ ਕੀਤਾ ਜੋ ਮੇਰੀ ਸੱਜੀ ਅੱਖ 'ਤੇ ਲੱਗਾ | ਉਸ ਦੇ ਨਾਲ ਦੇ ਦੋ ਅਣਪਛਾਤੇ ਨੌਜਵਾਨਾਂ ਨੇ ਡੰਡਿਆਂ ਨਾਲ ਮੇਰੀ ਪਿੱਠ 'ਤੇ ਵਾਰ ਕੀਤੇ ਅਤੇ ਸਾਰਿਆਂ ਨੇ ਮੇਰੇ ਮੋਟਰਸਾਈਕਲ ਦੀ ਵੀ ਭੰਨ ਤੋੜ ਕੀਤੀ ਅਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ | ਫੱਟੜ ਹਾਲਤ ਵਿਚ ਘਰ ਪੁੱਜਣ 'ਤੇ ਮੈਨੂੰ ਮਾਤਾ ਮਨਜੀਤ ਕੌਰ ਨੇ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਜੰਡਿਆਲਾ ਦਾਖਲ ਕਰਵਾਇਆ | ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਸੁਖਵਿੰਦਰ ਸਿੰਘ ਨੇ ਅਕਾਸ਼ਦੀਪ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ | ਉਸ ਨੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦ ਕਾਬੂ ਕੀਤਾ ਜਾਵੇ |