11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੋਟਰਸਾਈਕਲ ਨਾਲ ਟਕਰਾਈ ਕਾਰ, ਇਕ ਦੀ ਮੌਤ <br/>

ਅਜੀਤ ਡੈਸਕ 11-04-2026
ਚੁਗਿੱਟੀ/ਜੰਡੂਸਿੰਘਾ, 10 ਅਪ੍ਰੈਲ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਚੁਗਿੱਟੀ ਫਲਾਈਓਵਰ ਦੇ ਨਜ਼ਦੀਕ ਸ਼ੁੱਕਰਵਾਰ ਨੂੰ ਸਵੇਰ ਦੇ ਵਕਤ ਤੇਜ਼ ਰਫ਼ਤਾਰ ਇਕ ਕਾਰ ਮੋਟਰਸਾਈਕਲ ਨਾਲ ਟਕਰਾਅ ਗਈ, ਜਿਸ 'ਤੇ ਸਵਾਰ ਪਿਓ-ਪੁੱਤ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਇਨਸਾਨੀਅਤ ਦਿਖਾਉਂਦੇ ਹੋਏ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਰਾਮਾਮੰਡੀ 'ਚ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਬਾਪ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਵਿਜੈ ਸਿੰਘ 46 ਪੁੱਤਰ ਕਾਂਤਾ ਸਿੰਘ ਵਾਸੀ ਮਕਾਨ ਨੰਬਰ 60, ਗ੍ਰੀਨ ਇਨਕਲੇਵ, ਲਾਗੇ ਥਾਣਾ ਸੂਰਿਆ ਇਨਕਲੇਵ, ਜਲੰਧਰ ਦੇ ਰੂਪ ਵਜੋਂ ਹੋਈ ਹੈ | ਮਿ੍ਤਕ ਦੇ ਭਤੀਜੇ ਜਸਵੀਰ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਉਨ੍ਹਾਂ ਦੇ ਉਕਤ ਚਾਚਾ ਆਪਣੇ 10 ਸਾਲਾ ਪੁੱਤਰ ਮਿਅੰਕ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪੜ੍ਹਨ ਲਈ ਸਕੂਲ ਛੱਡਣ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਉਕਤ ਫਲਾਈਓਵਰ ਦੇ ਨਜ਼ਦੀਕ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਕਾਰ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾਅ ਗਈ, ਜਿਸ ਕਾਰਨ ਦੋਨੋਂ ਸੜਕ 'ਤੇ ਡਿੱਗਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਨ੍ਹਾਂ ਦੇ ਚਾਚਾ ਵਿਜੈ ਸਿੰਘ ਦਾ ਦਿਹਾਂਤ ਹੋ ਗਿਆ | ਉਨ੍ਹਾਂ ਕਿਹਾ ਕਿ ਇਹ ਦੁਖਦਾਈ ਘਟਨਾ ਚੁਗਿੱਟੀ ਫਲਾਈਓਵਰ ਦੇ ਲਾਗਲੇ ਇਕ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋ ਗਈ ਹੈ | ਉਧਰ ਇਸ ਸੰਬੰਧੀ ਏ.ਐਸ.ਆਈ. ਸੁਖਦੇਵ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪੀੜਤ ਜੀਆਂ ਦੇ ਬਿਆਨਾਂ 'ਤੇ ਅਗਾਂਹ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਮਿ੍ਤਕ ਦੇ ਹਨ ਛੋਟੀ ਉਮਰ ਦੇ 3 ਬੱਚੇ
ਜਾਣਕਾਰੀ ਅਨੁਸਾਰ ਮਿ੍ਤਕ ਦੇ ਛੋਟੀ ਉਮਰ ਦੇ 3 ਬੱਚੇ ਹਨ, ਜਿਨ੍ਹਾਂ 'ਚ 2 ਲੜਕੇ ਤੇ 1 ਲੜਕੀ ਹੈ, ਜਦੋਂਕਿ ਉਨ੍ਹਾਂ ਦੀ ਪਤਨੀ ਸੈਲ ਕੁਮਾਰੀ ਘਰੇਲੂ ਕੰਮ ਕਰਦੇ ਹਨ | ਮਿ੍ਤਕ ਦੇ ਭਤੀਜੇ ਮੁਤਾਬਿਕ ਹਾਦਸੇ ਸਮੇਂ ਉਨ੍ਹਾਂ ਦਾ ਚਾਚਾ ਜੋ ਕਿ ਬਿਲਡਿੰਗ ਮਟੀਰੀਅਲ ਦਾ ਕੰਮ ਕਰਦਾ ਹੈ, ਆਪਣੇ ਸਭ ਤੋਂ ਛੋਟੇ ਬੇਟੇ ਨੂੰ ਸਕੂਲ ਪੜ੍ਹਨ ਲਈ ਛੱਡਣ ਜਾ ਰਹੇ ਸਨ ਕਿ ਇਹ ਅਣਹੋਣੀ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਜ਼ਖ਼ਮੀ ਵਿਅਕਤੀ ਕਾਫ਼ੀ ਦੇਰ ਤੱਕ ਸੜਕ 'ਤੇ ਪਿਆ ਤੜਫਦਾ ਰਿਹਾ | ਇਹ ਵੀ ਪਤਾ ਲੱਗਾ ਹੈ ਕਿ ਇਸ ਘਟਨਾ ਕਾਰਨ ਪੀੜਤਾਂ ਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ | ਮਿ੍ਤਕ ਸੰਬੰਧੀ ਮੁਤਾਬਿਕ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ |

ਪਿਛਲੀ ਖ਼ਬਰ ਨਸ਼ੀਲੇ ਪਦਾਰਥ ਦੇ ਵੱਖ-ਵੱਖ ਮਾਮਲਿਆਂ 'ਚ ਦੋ ਦੋਸ਼ੀਆਂ ਨੂੰ ਕੈਦ ਅਗਲੀ ਖ਼ਬਰ ਸਰਗੋਧਾ ਗੈਸ ਏਜੰਸੀ 'ਚੋਂ ਦਰਵਾਜ਼ੇ ਤੋੜ ਕੇ ਨਕਦੀ ਤੇ ਮੋਬਾਈਲ ਕੀਤਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।