11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਨੁੱਖਤਾ ਦੀ ਸੇਵਾ ਲਈ ਨਿੱਤਰੀ ਸਿੱਖ ਸੇਵਕ ਸੁਸਾਇਟੀ (ਇੰਟਰਨੈਸ਼ਨਲ)

ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਐੱਮ. ਐੱਸ. ਲੋਹੀਆ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੋੜਵੰਦ ਕਿਰਤੀ ਪਰਿਵਾਰਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ 'ਵੀਲ੍ਹ-ਚੇਅਰਾਂ' ਦਿੱਤੀਆਂ ਹਨ | ਇਹ ਸਿਰਫ਼ ਕੁਰਸੀਆਂ ਨਹੀਂ ਸਨ, ਸਗੋਂ ਉਨ੍ਹਾਂ ਲੋਕਾਂ ਲਈ ਮੁੜ ਤੋਂ ਆਪਣੇ ਪੈਰਾਂ 'ਤੇ ਹੋਣ ਅਤੇ ਆਜ਼ਾਦ ਘੁੰਮਣ-ਫਿਰਨ ਦਾ ਇਕ ਅਹਿਸਾਸ ਸੀ | ਸੰਸਥਾ ਵਲੋਂ ਕਪੂਰਥਲਾ 'ਚ ਕੀਤੇ ਇਸ ਉਪਰਾਲੇ ਮੌਕੇ ਸੁਸਾਇਟੀ ਦੇ ਮੁਖੀ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੱਤੀ ਕਿ ਸਿੱਖ ਸੇਵਕ ਸੁਸਾਇਟੀ ਕੋਈ ਪੇਸ਼ੇਵਰ ਐੱਨ. ਜੀ. ਓ. ਨਹੀਂ ਹੈ, ਸਗੋਂ ਇਹ ਇਕ 'ਸੰਗਤੀ ਗਰੁੱਪ' ਹੈ | ਉਨ੍ਹਾਂ ਕਿਹਾ, 'ਸਾਡਾ ਮਕਸਦ ਸਿਰਫ਼ ਅੰਕੜੇ ਇਕੱਠੇ ਕਰਨਾ ਨਹੀਂ, ਸਗੋਂ ਗੁਰੂ ਦੀ ਸੰਗਤ ਵਲੋਂ ਦਿੱਤੇ ਦਸਵੰਧ ਰਾਹੀਂ ਉਨ੍ਹਾਂ ਕਿਰਤੀ ਲੋਕਾਂ ਦੇ ਦੁੱਖ ਵੰਡਾਉਣਾ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਬਣਦਾ |' ਜਥੇਦਾਰ ਖ਼ਾਲਸਾ ਨੇ ਦੱਸਿਆ ਕਿ ਸੁਸਾਇਟੀ ਹਮੇਸ਼ਾ ਪੰਜਾਬ 'ਤੇ ਪਈ ਕਿਸੇ ਵੀ ਕੁਦਰਤੀ ਕਰੋਪੀ ਭਾਵੇਂ ਉਹ ਕਰੋਨਾ ਬਿਮਾਰੀ ਜਾਂ ਹੜ੍ਹਾ ਦੀ ਮਾਰ ਹੋਵੇ, ਅਜਿਹੇ ਮੌਕੇ ਸਭ ਤੋਂ ਅੱਗੇ ਹੋ ਕੇ ਨਿਤਰਦੀ ਹੈ | ਉਨ੍ਹਾਂ ਦੱਸਿਆ ਕਿ ਕਪੂਰਥਲਾ ਵਿਖੇ ਸਰੀਰਕ ਤੌਰ 'ਤੇ ਅਸਮਰੱਥ 12 ਵਿਅਕਤੀਆਂ ਨੂੰ ਵੀਲ੍ਹ-ਚੇਅਰਾਂ ਦਿੱਤੀਆਂ ਗਈਆਂ | ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਬੀਤੇ ਦਿਨੀਂ ਸੁਸਾਇਟੀ ਵਲੋਂ 10 ਗਰੀਬ ਤੇ ਪੀੜਤ ਕਿਰਤੀ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਗਏ ਸਨ | ਸੰਸਥਾ ਲਗਾਤਾਰ ਲੋੜਵੰਦਾਂ ਦੇ ਇਲਾਜ ਲਈ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ | ਇਸ ਨੇਕ ਕਾਰਜ ਦੌਰਾਨ ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਅਰਵਿੰਦਰਜੀਤ ਸਿੰਘ ਚੱਢਾ (ਐਡਵੋਕੇਟ), ਬਲਜੀਤ ਸਿੰਘ ਮਿਸ਼ਨਰੀ, ਪਿ੍ੰਸੀਪਲ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਰਾਜੂ (ਡੀਲੈਕਸ) ਤੇ ਤਜਿੰਦਰ ਸਿੰਘ (ਲੰਬਾ ਪਿੰਡ) ਵਿਸ਼ੇਸ਼ ਸਹਿਗੋਗ ਰਿਹਾ | ਇਨ੍ਹਾਂ ਆਗੂਆਂ ਨੇ ਪ੍ਰਣ ਕੀਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ 'ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਜਾਰੀ ਰੱਖਣਗੇ | ਇਸ ਮੌਕੇ ਹਾਜ਼ਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੇ ਕਿਹਾ ਕਿ ਅੱਜ ਦੇ ਸਵਾਰਥੀ ਯੁੱਗ 'ਚ ਜਦੋਂ ਹਰ ਕੋਈ ਆਪਣੇ ਲਈ ਜਿਉਂਦਾ ਹੈ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਸਮਾਜ ਲਈ ਇਕ ਚਾਨਣ ਮੁਨਾਰਾ ਹਨ | ਸਮਾਗਮ ਦੌਰਾਨ ਐੱਚ. ਐੱਸ. ਵਾਲੀਆ, ਦਲਵਿੰਦਰ ਸਿੰਘ ਸਿੱਧੂ, ਤਨਵੀਰ ਸਿੰਘ ਢਿਆਲੀ, ਅਜੇ ਬਬਲਾ, ਇੰਦਰਜੀਤ ਸਿੰਘ, ਅਸ਼ੋਕ ਭਗਤ ਤੇ ਜਗਜੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਟੇਟ ਜੂਨੀਅਰ ਹਾਕੀ ਚੈਂਪੀਅਨਸ਼ਿਪ 'ਚ ਲੜਕੀਆਂ ਦੇ ਫਾਈਨਲ 'ਚ ਬਠਿੰਡਾ ਤੇ ਮੁਕਤਸਰ ਸਾਹਿਬ ਦਰਮਿਆਨ ਟੱਕਰ ਅੱਜ ਅਗਲੀ ਖ਼ਬਰ ਕੰਵਰਵੀਰ ਸਿੰਘ ਸਰਾਏ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।