03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਸਤੀ ਅੱਡੇ ਤੋਂ ਕੰਪਨੀ ਬਾਗ ਚੌਕ ਤੱਕ ਨੋ-ਆਟੋ ਜ਼ੋਨ 'ਚ ਬੇਰੋਕ-ਟੋਕ ਚੱਲਦੇ ਨੇ ਆਟੋ

ਭਗਵਾਨ ਵਾਲਮੀਕਿ ਚੌਕ ਤੋਂ ਬਸਤੀ ਅੱਡੇ ਨੂੰ ਜਾਣ ਵਾਲੇ ਰਸਤੇ 'ਤੇ ਨੋ-ਆਟੋ ਜ਼ੋਨ ਦੀ ਉਲੰਘਣਾ ਹੋਣ ਕਾਰਨ ਸੜਕ 'ਤੇ ਲੱਗਾ ਜਾਮ | ਤਸਵੀਰ : ਜੀ. ਪੀ. ਸਿੰਘ <br/> ਸਿਵਲ ਹਸਪਤਾਲ ਦੇ ਬਾਹਰ ਈ-ਰਿਕਸ਼ਾ ਤੇ ਆਟੋ ਚਾਲਕਾਂ ਵਲੋਂ ਨੋ-ਆਟੋ ਜ਼ੋਨ ਹੋਣ ਦੇ ਬਾਵਜੂਦ ਸੜਕ ਦੇ ਵਿਚਕਾਰ ਖੜ੍ਹੇ ਕੀਤੇ ਗਏ ਆਟੋ | ਤਸਵੀਰ : ਜੀ. ਪੀ. ਸਿੰਘ <br/> 13-04-2026
ਜਲੰਧਰ, 12 ਅਪ੍ਰੈਲ (ਜਤਿੰਦਰ ਪੰਮੀ)-ਮਹਾਨਗਰ ਦੇ ਸਭ ਤੋਂ ਰੁਝੇਵੇਂ ਵਾਲੇ ਰਸਤੇ 'ਤੇ ਪੁਲਿਸ ਵਲੋਂ ਐਲਾਨੇ ਗਏ ਨੋ-ਆਟੋ ਜ਼ੋਨ ਦੀ ਅੱਜਕੱਲ੍ਹ ਕੋਈ ਵੀ ਆਟੋ ਵਾਲਾ ਪ੍ਰਵਾਹ ਨਹੀਂ ਕਰ ਰਿਹਾ | ਈ-ਰਿਕਸ਼ਾ ਤੇ ਆਟੋ ਚਾਲਕ ਨਿਰਧਾਰਤ ਸਮਾਂਹੱਦ ਦੀ ਉਲੰਘਣਾ ਕਰਕੇ ਇਸ ਭੀੜ-ਭੜੱਕੇ ਵਾਲੇ ਖੇਤਰ 'ਚ ਬੇਖੌਫ਼ ਹੋ ਕੇ ਆਟੋ ਚਲਾ ਰਹੇ ਹਨ | ਹਾਲਾਂਕਿ ਜਦੋਂ ਟ੍ਰੈਫਿਕ ਪੁਲਿਸ ਵਲੋਂ ਸਖ਼ਤੀ ਕੀਤੀ ਜਾਂਦੀ ਹੈ ਤਾਂ ਕੁਝ ਦਿਨਾਂ ਲਈ ਆਟੋ ਤੇ ਈ-ਰਿਕਸ਼ਾ ਦੀ ਆਵਾਜਾਈ ਬੰਦ ਹੋ ਜਾਂਦੀ ਹੈ ਪਰ ਫਿਰ ਉਹੀ ਹਾਲ ਹੋ ਜਾਂਦਾ ਹੈ | ਦੱਸਣਯੋਗ ਹੈ ਕਿ ਕੰਪਨੀ ਬਾਗ ਚੌਕ ਤੋਂ ਲੈ ਕੇ ਬਸਤੀ ਅੱਡੇ ਤੱਕ ਉਸ ਵੇਲੇ ਦੀ ਪੁਲਿਸ ਕਮਿਸ਼ਨਰ ਵਲੋਂ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਨੋ-ਆਟੋ ਜ਼ੋਨ ਐਲਾਨਿਆ ਗਿਆ ਸੀ | ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਦੋਵਾਂ ਚੌਕਾਂ ਵਿਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਸਨ, ਜੋ ਨੋ ਆਟੋ ਜ਼ੋਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟਦੇ ਸਨ | ਕੁਝ ਸਮੇਂ ਤੋਂ ਫਿਰ ਈ-ਰਿਕਸ਼ਾ ਤੇ ਆਟੋ ਚਾਲਕ ਕਮਿਸ਼ਨਰੇਟ ਪੁਲਿਸ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਬਿਨਾਂ ਰੋਕ-ਟੋਕ ਦੇ ਇੱਥੋਂ ਲੰਘ ਰਹੇ ਹਨ, ਜਿਸ ਨਾਲ ਅਕਸਰ ਹੀ ਇਸ ਸੜਕ 'ਤੇ ਜਾਮ ਲੱਗ ਜਾਂਦਾ ਹੈ | ਵਿਸ਼ੇਸ਼ ਕਰਕੇ ਐਤਵਾਰ ਵਾਲੇ ਦਿਨ ਜਦੋਂ ਇਸ ਰੋਡ 'ਤੇ ਸੰਡੇ ਮਾਰਕੀਟ ਲੱਗਦੀ ਹੈ ਤਾਂ ਖ਼ਰੀਦੋ-ਫਰੋਖ਼ਤ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਜਾਂਦੀ ਹੈ | ਇਸੇ ਸਮੇਂ ਦੌਰਾਨ ਆਟੋ-ਰਿਕਸ਼ਾ ਚੱਲਣ ਨਾਲ ਹੋਰ ਭੀੜ ਲੱਗ ਜਾਂਦੀ ਹੈ, ਜਿਸ ਕਰਕੇ ਆਵਾਜਾਈ 'ਚ ਵਿਘਨ ਪੈਂਦਾ ਹੈ | ਦੱਸਣਯੋਗ ਹੈ ਕਿ ਸਿਵਲ ਹਸਪਤਾਲ ਇਸੇ ਹੀ ਰੋਡ 'ਤੇ ਸਥਿਤ ਹੈ, ਜਿਸ ਦੇ ਅੰਦਰ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਇਲਾਜ ਲਈ ਟਰੌਮਾ ਸੈਂਟਰ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਡਲਿਵਰੀ ਲਈ ਐਂਬੂਲੈਂਸ ਰਾਹੀਂ ਇਥੋਂ ਦੇ ਜੱਚਾ-ਬੱਚਾ ਹਸਪਤਾਲ 'ਚ ਲਿਆਂਦਾ ਜਾਂਦਾ ਹੈ | ਇਸ ਰੋਡ 'ਤੇ ਜਾਮ ਲੱਗਣ ਕਾਰਨ ਅਕਸਰ ਹੀ ਮਰੀਜ਼ਾਂ ਨੂੰ ਲਿਆਉਣ ਵਾਲੀ ਐਂਬੂਲੈਂਸ ਜਾਮ 'ਚ ਫਸ ਜਾਂਦੀ ਹੈ, ਜਿਸ ਨਾਲ ਮਰੀਜ਼ ਦੀ ਜ਼ਿੰਦਗੀ ਖ਼ਤਰੇ 'ਚ ਪੈ ਜਾਂਦੀ ਹੈ | ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੇ ਮੈਂਬਰ ਤੇ ਸਿਵਲ ਹਸਪਤਾਲ ਮਰੀਜ਼ ਭਲਾਈ ਕਮੇਟੀ ਦੇ ਮੈਂਬਰ ਸਮਾਜ ਸੇਵੀ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਹਾਦਸੇ ਦੇ ਗੰਭੀਰ ਜ਼ਖ਼ਮੀ ਮਰੀਜ਼ ਨੂੰ ਟਰੌਮਾ ਸੈਂਟਰ ਤੱਕ ਪਹੁੰਚਾਉਣ ਤੇ ਇਲਾਜ ਲਈ ਪਹੁੰਚਾਉਣ ਵਾਸਤੇ ਐਂਬੂਲੈਂਸ ਕੋਲ ਸਿਰਫ਼ ਇਕ ਘੰਟੇ ਦੇ ਗੋਲਡਨ ਆਵਰ ਹੁੰਦਾ ਹੈ | ਜੇਕਰ ਉਸ ਸਮੇਂ ਦੌਰਾਨ ਕਿਸੇ ਕਾਰਨ ਮਰੀਜ਼ ਨੂੰ ਇਲਾਜ ਲਈ ਮਿਲਦਾ ਤਾਂ ਉਸ ਦੀ ਜਾਨ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਮੁੱਖ ਗੇਟ ਅੱਗੇ ਵੀ ਅਕਸਰ ਆਟੋ ਤੇ ਈ-ਰਿਕਸ਼ਾ ਲਾਈਨਾਂ ਬਣਾ ਕੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਐਂਬੂਲੈਂਸ ਨੂੰ ਸਿਵਲ ਹਸਪਤਾਲ ਅੰਦਰ ਪਹੁੰਚਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ | ਸੁਰਿੰਦਰ ਸੈਣੀ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਨੂੰ ਨੋ-ਆਟੋ ਜ਼ੋਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣੀ ਚਾਹੀਦੀ ਹੈ | ਨੋ-ਆਟੋ ਜ਼ੋਨ ਦੀ ਇਸ ਸਮੱਸਿਆ ਸੰਬੰਧੀ ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੀ ਸੰਬੰਧਤ ਸ਼ਾਖਾ ਨਾਲ ਵਿਚਾਰ ਕਰਕੇ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਲਈ ਯੋਜਨਾ ਬਣਾਈ ਜਾਵੇਗੀ |
ਪਿਛਲੀ ਖ਼ਬਰ ਰਜਤ, ਕੋਹਲੀ ਤੇ ਸਾਲਟ ਦੇ ਅਰਧ ਸੈਂਕੜਿਆਂ ਸਦਕਾ ਬੈਂਗਲੁਰੂ ਨੇ ਮੁੰਬਈ 'ਤੇ ਕੀਤੀ ਜਿੱਤ ਦਰਜ <br/> ਅਗਲੀ ਖ਼ਬਰ ਆਦਮਪੁਰ 'ਚ ਬਾਬਾ ਸਾਹਿਬ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।