ਚੁਗਿੱਟੀ/ਜੰਡੂਸਿੰਘਾ, 10 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਫੇਸ-1 ਰਾਮਾਮੰਡੀ ਦੇ ਵਸਨੀਕ ਇਕ ਲੜਕੇ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਘਰ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ | ਪੁਲਿਸ ਮੁਤਾਬਿਕ ਮਿ੍ਤਕ ਦੀ ਪਛਾਣ ਰਾਹੁਲ ਸ਼ਰਮਾ ਪੁੱਤਰ ਰਿਕੇਸ਼ ਸ਼ਰਮਾ ਵਾਸੀ 231 ਫੇਸ-1 ਰਾਮਾਮੰਡੀ ਦੇ ਰੂਪ ਵਿਚ ਦੱਸੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਦੇ ਪਿਤਾ ਰਿਕੇਸ਼ ਸ਼ਰਮਾ ਪੁੱਤਰ ਸੰਤੋਸ਼ ਲਾਲ ਸ਼ਰਮਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਕਿਹਾ ਕਿ ਉਸ ਦਾ ਉਕਤ ਇਕ ਲੜਕਾ ਸੀ ਜੋ ਕਿ ਜਲੰਧਰ ਦੇ ਇਕ ਕਾਲਜ 'ਚ ਪੜ੍ਹ ਰਿਹਾ ਸੀ | ਬੀਤੀ ਦਿਨ ਮੈਂ ਤੇ ਮੇਰੀ ਪਤਨੀ ਮਮਤਾ ਸ਼ਰਮਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਚਲੇ ਗਏ ਤੇ ਮੇਰਾ ਲੜਕਾ ਰਾਹੁਲ ਸ਼ਰਮਾ ਕਾਲਜ ਨਹੀਂ ਗਿਆ ਸੀ ਤੇ ਘਰ ਵਿਚ ਹੀ ਮੌਜੂਦ ਸੀ ਵਕਤ ਸ਼ਾਮ 8 ਵਜੇ ਦਾ ਹੋਵੇਗਾ ਜਦੋਂ ਮੇਰੀ ਪਤਨੀ ਕੰਮ ਤੋਂ ਵਾਪਸ ਆਈ ਤਾਂ ਦੇਖਿਆ ਕਿ ਮੇਰੇ ਲੜਕੇ ਰਾਹੁਲ ਸ਼ਰਮਾ ਨੇ ਘਰ ਦੇ ਕਮਰੇ ਦੇ ਦਰਵਾਜ਼ੇ ਉੱਪਰ ਲੱਗੀ ਲੋਹੇ ਦੀ ਗਰਿੱਲ ਨੂੰ ਕੱਪੜਾ ਬੰਨ੍ਹ ਕੇ ਗਲੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਹੋਈ ਸੀ | ਇਸ 'ਤੇ ਮੇਰੀ ਪਤਨੀ ਨੇ ਮੈਨੂੰ ਫੋਨ ਕਰ ਕੇ ਇਸ ਸੰਬੰਧੀ ਦੱਸਿਆ | ਉਸੇ ਵਕਤ ਹੀ ਮੇਰੇ ਸਾਲੇ ਅਨਿਲ ਜੋਸ਼ੀ ਅਤੇ ਮੇਰੀ ਪਤਨੀ ਨੇ ਜਲਦੀ ਨਾਲ ਰਾਹੁਲ ਸ਼ਰਮਾ ਨੂੰ ਥੱਲੇ ਉਤਾਰਿਆ | ਜਿਸ ਦੀ ਫਾਹਾ ਲੈਣ ਕਾਰਨ ਮੌਤ ਹੋ ਚੁੱਕੀ ਸੀ | ਉਨ੍ਹਾਂ ਕਿਹਾ ਕਿ ਉਸ ਦਾ ਲੜਕਾ ਪਿਛਲੇ ਅਰਸੇ ਤੋਂ ਪ੍ਰੇਸ਼ਾਨੀ ਵਿਚ ਰਹਿੰਦਾ ਸੀ | ਜਿਸ ਨੇ ਪ੍ਰੇਸ਼ਾਨੀ 'ਚ ਹੀ ਆਪਣੇ ਗਲੇ ਵਿਚ ਫਾਹਾ ਲੈ ਕੇ ਜੀਵਨ ਲੀਲ੍ਹਾ ਖਤਮ ਕੀਤੀ ਹੈ | ਜਿਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ | ਉਨ੍ਹਾਂ ਕਿਹਾ ਕਿ ਉਸ ਨੂੰ ਆਪਣੇ ਲੜਕੇ ਰਾਹੁਲ ਸ਼ਰਮਾ ਉਮਰ 21 ਸਾਲ ਦੀ ਮੌਤ ਸੰਬੰਧੀ ਕਿਸੇ 'ਤੇ ਕੋਈ ਸ਼ੱਕ ਸ਼ਿਕਵਾ ਨਹੀਂ ਹੈ | ਇਸ ਕਰਕੇ ਉਹ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ | ਦੱਸਿਆ ਜਾ ਰਿਹਾ ਹੈ ਕਿ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਉਕਤ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |