ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 10 ਮਈ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)-ਬਿਨ੍ਹਾਂ ਹੈਲਮਟ ਅਤੇ ਹੋਰ ਅਧੂਰੇ ਕਾਗਜ ਪੱਤਰ ਵਾਲੇ ਵਾਹਨਾਂ ਦੇ ਚਲਾਨ ਕੱਟਣ ਵਿੱਚ ਮਸ਼ਰੂਫ ਪੁਲਿਸ ਦੇ ਦੀਵੇ ਥੱਲੇ ਹਨੇਰੇ ਵਾਲੀ ਗੱਲ ਜਾਪਦੀ ਹੈ | ਥਾਣਾ ਸਦਰ ਜਲੰਧਰ ਦੇ ਅਧੀਨ ਆਉਂਦੀਆਂ ਤਿੰਨ ਪੁਲਿਸ ਚੌਕੀਆਂ ਜੰਡਿਆਲਾ, ਫਤਿਹਪੁਰ, ਜਲੰਧਰ ਹਾਈਟਸ ਦੀਆਂ ਕਮਿਸ਼ਨਰੇਟ ਆਫ ਪੁਲਿਸ ਦੇ ਨਾਮ ਸਰਕਾਰੀ ਗੱਡੀਆਂ ਦੇ ਕਾਗਜ਼ ਅਧੂਰੇ ਹਨ | ਥਾਣਾ ਸਦਰ ਜਲੰਧਰ ਦੀ ਗੱਡੀ ਪੀਬੀ65- ਬੀਜੀ- 8344 ਜੋ ਕਿ ਡਾਇਰੈਕਟਰ ਜਨਰਲ ਪੁਲਿਸ ਦੇ ਨਾਮ ਹੈ ਦੀ ਇੰਸ਼ੋਰੈਂਸ 23 ਫਰਵਰੀ 2025 ਦੀ ਖਤਮ ਹੋ ਚੁੱਕੀ ਹੈ ਜਦਕਿ ਇਸਦਾ ਪ੍ਰਦੂਸ਼ਣ ਸਰਟੀਫਿਕੇਟ ਵੀ 31 ਜਨਵਰੀ 2026 ਦਾ ਖਤਮ ਹੈ | ਇਸੇ ਤਰ੍ਹਾਂ ਪੁਲਿਸ ਚੌਂਕੀ ਜੰਡਿਆਲਾ ਦੀ ਗੱਡੀ ਪੀਬੀ 08-ਐਫਜੇ-0178 ਦੀ ਇੰਨਸ਼ੋਰੈਂਸ ਆਨਲਾਈਨ ਸੋਅ ਹੁੰਦੀ ਹੈ ਅਤੇ ਇਸਦਾ ਪ੍ਰਦੂਸ਼ਣ ਸਰਟੀਫਿਕੇਟ ਵੀ 12 ਫਰਵਰੀ ਦਾ ਖਤਮ ਹੋ ਚੁੱਕਾ ਹੈ | ਇਸੇ ਤਰ੍ਹਾਂ ਪੁਲਿਸ ਚੌਂਕੀ ਜਲੰਧਰ ਹਾਈਟਸ ਦੀ ਗੱਡੀ ਪੀਬੀ08-ਐਫਜੇ-0180 ਦੀ ਇੰਨਸ਼ੋਰੈਂਸ ਵੀ ਆਨਲਾਈਨ ਨਿਲ ਦੇਖੀ ਜਾ ਸਕਦੀ ਹੈ ਅਤੇ ਪ੍ਰਦੂਸ਼ਣ ਸਰਟੀਫਿਕੇਟ ਵੀ ਜਨਵਰੀ 2026 ਦਾ ਖਤਮ ਹੈ | ਪੁਲਿਸ ਚੌਂਕੀ ਫਤਿਹਪੁਰ ਦੀ ਗੱਡੀ ਪੀਬੀ08ਐਫਜੇ-0116 ਦੀ ਇੰਨਸ਼ੋਰੈਂਸ 30 ਜੁਲਾਈ 2026 ਤੱਕ ਵੈਲਿਡ ਹੈ ਜਦਕਿ ਉਸਦਾ ਪ੍ਰਦੂਸ਼ਣ ਸਰਟੀਫਿਕੇਟ ਖਤਮ ਹੋ ਚੁੱਕਾ ਹੈ | ਪੰਜਾਬੀ ਦਾ ਅਖਾਣ ਹੈ ਕਿ ''ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ''ਥਾਂ ਥਾਂ ਨਾਕੇ ਲਗਾ ਕੇ ਲੋਕਾਂ ਦੇ ਚਲਾਨ ਕੱਟਣ ਵਾਲੀ ਥਾਣਾ ਸਦਰ ਜਲੰਧਰ ਦੀ ਪੁਲਿਸ ਦੀਆਂ ਅਧੂਰੇ ਕਾਗਜ ਪੱਤਰ ਵਾਲੀਆਂ ਗੱਡੀਆਂ ਦੇ ਚਲਾਨ ਕੌਣ ਕੱਟੇਗਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਹੈ | ਥਾਣਾ ਸਦਰ ਜਲੰਧਰ ਮੁਖੀ ਇੰਸਪੈਕਟਰ ਸੰਜੀਵ ਸੂਰੀ ਦੇ ਜਦੋਂ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਸਾਡੀ ਸੀਪੀ ਦਫਤਰ ਵਿੱਚ ਐਮਟੀ ਬਰਾਂਚ ਕੋਲੋਂ ਹੀ ਜਾਣਕਾਰੀ ਲਈ ਜਾ ਸਕਦੀ ਹੈ | ਸਾਰਾ ਕੁਝ ਉਹਨਾਂ ਦੇ ਧਿਆਨ ਵਿੱਚ ਹੈ | ਤੁਸੀਂ ਆਰਟੀਆਈ ਪਾ ਕੇ ਵੀ ਜਾਣਕਾਰੀ ਲੈ ਸਕਦੇ ਹੋ |