ਨਕੋਦਰ, 10 ਮਈ (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਵੱਲੋਂ ਮਦਰਜ਼ ਡੇ ਦੇ ਮੌਕੇ ਲੁਧਿਆਣਾ ਸਥਿਤ ਜੈਪ ਦਾ ਵਿਸ਼ੇਸ਼ ਟਿ੍ਪ ਆਯੋਜਿਤ ਕੀਤਾ ਗਿਆ | ਇਸ ਟਿ੍ਪ ਦੌਰਾਨ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਖੁਸ਼ੀ ਨਾਲ ਵੱਖ-ਵੱਖ ਐਡਵੈਂਚਰ ਅਤੇ ਮਨੋਰੰਜਕ ਗਤੀਵਿਧੀਆਂ ਵਿੱਚ ਭਾਗ ਲਿਆ | ਬੱਚਿਆਂ ਨੇ ਰੋਮਾਂਚਕ ਰਾਈਡਜ਼, ਇੰਡੋਰ ਗੇਮਜ਼ ਅਤੇ ਟੀਮ ਐਕਟੀਵਿਟੀਆਂ ਦਾ ਭਰਪੂਰ ਆਨੰਦ ਮਾਣਿਆ | ਮਦਰਜ਼ ਡੇ ਨੂੰ ਸਮਰਪਿਤ ਇਸ ਟਿ੍ਪ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਪਿਆਰ ਅਤੇ ਸਤਿਕਾਰ ਪ੍ਰਗਟ ਕਰਦਿਆਂ ਸੁੰਦਰ ਸੰਦੇਸ਼ ਅਤੇ ਸ਼ੁੱਭਕਾਮਨਾਵਾਂ ਲਿਖੇ ਹੋਏ ਕਾਰਡ ਵੀ ਬਣਾਏ | ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਤਸ਼ਾਹ ਸਾਫ਼ ਝਲਕ ਰਿਹਾ ਸੀ | ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਮਿਲ ਕੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਬੱਚਿਆਂ ਨੂੰ ਸੁਰੱਖਿਆ ਅਤੇ ਅਨੁਸ਼ਾਸਨ ਸੰਬੰਧੀ ਜਾਣਕਾਰੀ ਦਿੱਤੀ | ਸਕੂਲ ਪਿ੍ੰਸੀਪਲ ਸ਼੍ਰੀਮਤੀ ਸੰਧਿਆ ਦੀਵਾਨ ਨੇ ਕਿਹਾ ਕਿ ਅਜਿਹੇ ਟਿ੍ਪ ਵਿਦਿਆਰਥੀਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਸਮਾਜਿਕ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਮਾਂ ਦੇ ਮਹੱਤਵ ਬਾਰੇ ਦੱਸਦਿਆ ਮਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ |