ਆਦਮਪੁਰ, 10 ਮਈ (ਹਰਪ੍ਰੀਤ ਸਿੰਘ)-ਜੇ.ਸੀ.ਆਈ ਆਦਮਪੁਰ ਪ੍ਰਾਈਡ ਵੱਲੋਂ 'ਮਾਂ ਦਿਵਸ' ਦੇ ਸ਼ੁਭ ਅਵਸਰ 'ਤੇ ਇਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ | ਇਸ ਖਾਸ ਦਿਨ ਨੂੰ ਸਮਰਪਿਤ ਕਰਦਿਆਂ ਸੰਸਥਾ ਦੇ ਮੈਂਬਰਾਂ ਨੇ ਕੁੰਦਨ ਵਿਧ ਆਸ਼ਰਮ, ਅਲਾਵਲਪੁਰ ਵਿਖੇ ਰਹਿ ਰਹੀਆਂ ਬਜ਼ੁਰਗ ਮਾਵਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ | ਦਿਨ ਨੂੰ ਯਾਦਗਾਰੀ ਅਤੇ ਅਰਥਪੂਰਨ ਬਣਾਉਣ ਦੇ ਮਕਸਦ ਨਾਲ, ਸੰਸਥਾ ਵੱਲੋਂ ਬਜ਼ੁਰਗ ਮਾਵਾਂ ਪ੍ਰਤੀ ਪਿਆਰ ਅਤੇ ਸਤਿਕਾਰ ਭੇਟ ਕਰਦਿਆਂ ਆਸ਼ਰਮ ਦੇ ਨਿਵਾਸੀਆਂ ਨੂੰ ਜ਼ਰੂਰੀ ਵਸਤਾਂ ਪ੍ਰਦਾਨ ਕੀਤੀਆਂ ਗਈਆਂ | ਇਨ੍ਹਾਂ ਵਸਤਾਂ ਵਿੱਚ ਮੁੱਖ ਤੌਰ 'ਤੇ ਦਵਾਈਆਂ, ਰਸਕ, ਕੱਪੜੇ ਦੇ ਸਟੈਂਡ ਅਤੇ ਤਾਜ਼ੇ ਫਲ ਸ਼ਾਮਿਲ ਸਨ | ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਾਵਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਦੇਖ ਕੇ ਇਸ ਜਸ਼ਨ ਦੀ ਖੁਸ਼ੀ ਦੁੱਗਣੀ ਹੋ ਗਈ | ਉਨ੍ਹਾਂ ਕਿਹਾ ਕਿ ਮਾਵਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ | ਇਸ ਮੌਕੇ ਮਾਵਾਂ ਵੱਲੋਂ ਦਿੱਤੇ ਗਏ ਅਸ਼ੀਰਵਾਦ ਨੇ ਸਾਰੇ ਮੈਂਬਰਾਂ ਦੇ ਮਨਾਂ ਨੂੰ ਸਕੂਨ ਦਿੱਤਾ ਅਤੇ ਇਸ ਦਿਨ ਨੂੰ ਅਭੁੱਲ ਬਣਾ ਦਿੱਤਾ | ਇਸ ਮੌਕੇ ਜੇ.ਸੀ.ਆਈ ਦੇ ਅਹੁਦੇਦਾਰ ਮੈਂਬਰ ਜਿਨ੍ਹਾਂ ਵਿੱਚ 'ਚ ਜੇ.ਐਫ.ਐਮ. ਪ੍ਰਧਾਨ ਜਤਿੰਦਰ ਸਿੰਘ, ਜੇ.ਸੀ ਰੋਹਿਤ ਕੁਮਾਰ, ਜੇ.ਸੀ ਹਰਵਿੰਦਰ ਸਿੰਘ ਗਰੇਵਾਲ, ਰਵਿੰਦਰਜੀਤ ਸੈਣੀ, ਹਰਪਾਲ ਸਿੰਘ, ਬਲਜੀਤ ਸਿੰਘ, ਮਨਵੀਰ ਸਿੰਘ, ਤਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਵੀਰ ਸਿੰਘ, ਹਰਮਨ ਸਿੰਘ ਹਾਜਰ ਸਨ |