25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਾਲਾ ਜੀ ਦੀ ਚੌਂਕੀ ਰੁਕਵਾਉਣ 'ਤੇ ਹੋਇਆ ਹੰਗਾਮਾ, ਵਿਰੋਧੀ ਪਾਰਟੀਆਂ ਨੇ ਸੱਤਾ ਧਿਰ 'ਤੇ ਲਾਏ ਦੋਸ਼

ਅਜੀਤ ਡੈਸਕ 15-05-2026

ਜਲੰਧਰ, 14 ਮਈ (ਜਤਿੰਦਰ ਪੰਮੀ)-ਪਟੇਲ ਚੌਕ ਨੇੜੇ ਸਥਿਤ ਸਾੲੀਂ ਦਾਸ ਸਕੂਲ ਦੀ ਗਰਾਊਾਡ 'ਚ ਵੀਰਵਾਰ ਸ਼ਾਮ ਤੋਂ ਸ਼੍ਰੀ ਕਸ਼ਟ ਨਿਵਾਰਣ ਬਾਲਾ ਜੀ ਮੰਦਰ ਕਮੇਟੀ ਵਲੋਂ ਕਰਵਾਈ ਜਾਣ ਵਾਲੀ ਬਾਲਾ ਜੀ ਦੀ ਚੌਂਕੀ ਨੂੰ ਲੈ ਕੇ ਸਾਰਾ ਦਿਨ ਹੰਗਾਮੇ ਵਾਲੀ ਸਥਿਤੀ ਬਣੀ ਰਹੀ | ਹਾਲਾਂਕਿ ਬਾਅਦ ਦੁਪਹਿਰ ਸਮਾਗਮ ਚੱਲਣ ਲਈ ਰਾਹ ਪੱਧਰਾ ਹੋ ਗਿਆ | ਬੁੱਧਵਾਰ ਰਾਤ ਪੁਲਿਸ ਵਲੋਂ ਚੌਂਕੀ ਸੰਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਰੁਕਵਾਉਣ 'ਤੇ ਸ਼੍ਰੀ ਕਸ਼ਟ ਨਿਵਾਰਣ ਬਾਲਾ ਜੀ ਮੰਦਰ ਕਮੇਟੀ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਰਾਹੀਂ ਸ਼ਹਿਰ ਵਾਸੀਆਂ ਨੂੰ ਸਵੇਰੇ 9:30 ਵਜੇ ਵੱਡੀ ਗਿਣਤੀ ਵਿੱਚ ਸਕੂਲ ਦੀ ਗਰਾਊਾਡ 'ਚ ਪਹੁੰਚਣ ਦੀ ਅਪੀਲ ਕੀਤੀ | ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੁਲਿਸ ਨੇ ਗਰਾਊਾਡ ਅੰਦਰ ਸਮਾਗਮ ਕਰਨ ਦੀ ਆਗਿਆ ਨਾ ਦਿੱਤੀ ਤਾਂ ਸੜਕ 'ਤੇ ਬੈਠ ਕੇ ਭਜਨ-ਕੀਰਤਨ ਕੀਤਾ ਜਾਵੇਗਾ | ਓਧਰ ਇਸ ਸਮਾਗਮ ਨੂੰ ਰੁਕਵਾਉਣ ਦੇ ਰੋਸ ਵਜੋਂ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਵਾਪਸ ਦਿੱਤੀ ਗਈ ਸੁਰੱਖਿਆ ਮੋੜਨ ਦਾ ਐਲਾਨ ਕਰ ਦਿੱਤਾ | ਦੱਸਣਯੋਗ ਹੈ ਕਿ ਹਰ ਸਾਲ ਇਹ ਸਮਾਗਮ ਜਲੰਧਰ ਸੈਂਟ੍ਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਸਮਾਗਮ ਸਾਈਾ ਦਾਸ ਸਕੂਲ ਗਰਾਊਾਡ ਵਿੱਚ ਹੋਣਾ ਸੀ | ਸਮਾਗਮ 'ਚ ਰੁਕਾਵਟ ਪੈਣ ਬਾਰੇ ਪਤਾ ਲੱਗਣ 'ਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਸਮੇਤ ਕਈ ਹਿੰਦੂ ਸੰਗਠਨਾਂ ਦੇ ਆਗੂ ਸਮਾਗਮ ਵਾਲੀ ਥਾਂ 'ਤੇ ਪੁੱਜ ਗਏ ਅਤੇ ਸਕੂਲ ਦੇ ਬਾਹਰ ਸੜਕ 'ਤੇ ਬੈਠ ਗਏ | ਦੱਸਿਆ ਜਾ ਰਿਹਾ ਹੈ ਕਿ ਇਸ ਧਾਰਮਿਕ ਸਮਾਗਮ ਵਿੱਚ ਪ੍ਰਸਿੱਧ ਭਜਨ ਗਾਇਕ ਕਨ੍ਹਈਆ ਮਿੱਤਲ ਦੇ ਪਹੁੰਚਣ ਦੀ ਜਾਣਕਾਰੀ ਸੀ ਪਰ ਬੁੱਧਾਵਰ ਦੇਰ ਰਾਤ ਪੁਲਿਸ ਗਰਾਊਾਡ ਵਿੱਚ ਪਹੁੰਚੀ ਅਤੇ ਟੈਂਟ, ਸਜਾਵਟ ਅਤੇ ਲਾਈਟਾਂ ਦਾ ਕੰਮ ਰੁਕਵਾ ਦਿੱਤਾ | ਪੁਲਿਸ ਵਲੋਂ ਮਨਜ਼ੂਰੀ ਨਾ ਲਈ ਹੋਣ ਕਰਕੇ ਸਮਾਗਮ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ | ਇਸ ਗੱਲ ਦਾ ਸਵੇਰੇ ਹੀ ਪਤਾ ਲੱਗਾ ਤਾਂ ਮੰਦਰ ਕਮੇਟੀ ਦੇ ਮੈਂਬਰ, ਧਾਰਮਿਕ ਜਥੇਬੰਦੀਆਂ ਅਤੇ ਸਥਾਨਕ ਆਗੂ ਮੌਕੇ 'ਤੇ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਸੁਰੂ ਕਰ ਦਿੱਤੀ | ਲੋਕਾਂ ਨੇ ਪਟੇਲ ਚੌਕ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਇਸ ਰੋਸ ਪ੍ਰਦਰਸ਼ਨ 'ਚ ਵਿਧਾਇਕ ਰਮਨ ਅਰੋੜਾ ਤਾਂ ਨਹੀਂ ਪਹੁੰਚੇ ਪਰ ਹਿੰਦ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਭਾਜਪਾ ਆਗੂ ਵਿਪਨ ਸਭਰਵਾਲ, ਸਰਬਜੀਤ ਸਿੰਘ ਮੱਕੜ, ਕਾਂਗਰਸੀ ਕੌਂਸਲਰ ਸ਼ੈਰੀ ਚੱਢਾ, ਭਾਜਪਾ ਕੌਂਸਲਰ ਤਰਵਿੰਦਰ ਸੋਈ ਅਤੇ ਚੇਤਨ ਹਾਂਡਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ | ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਦਾ ਇਕ ਆਗੂ ਇਹ ਧਾਰਮਿਕ ਸਮਾਗਮ ਰੁਕਵਾਉਣ ਲਈ ਪੁਲਿਸ 'ਤੇ ਦਬਾਅ ਪਾ ਰਿਹਾ ਹੈ | ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਇਸ ਕਾਰਵਾਈ 'ਤੇ ਤਿੱਖਾ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਕਿਸੇ ਇੱਕ ਨੇਤਾ ਦਾ ਨਹੀਂ, ਸਗੋਂ ਹਿੰਦੂ ਸਮਾਜ ਤੇ ਸਨਾਤਨ ਧਰਮ ਨਾਲ ਜੁੜੇ ਲੋਕਾਂ ਦੀ ਆਸਥਾ ਦਾ ਸਮਾਗਮ ਹੈ | ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਮੰਦਰ ਕਮੇਟੀ ਕੋਲ ਫਾਇਰ ਬਿ੍ਗੇਡ, ਬਿਜਲੀ ਵਿਭਾਗ ਅਤੇ ਨਗਰ ਨਿਗਮ ਦੀਆਂ ਮਨਜ਼ੂਰੀਆਂ ਮੌਜੂਦ ਹਨ ਤਾਂ ਪੁਲਿਸ ਕਿਸ ਦੇ ਦਬਾਅ ਹੇਠ ਕੰਮ ਰੋਕ ਰਹੀ ਹੈ |
ਰੋਸ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਏਡੀਸੀਪੀ-1 ਆਕਰਸ਼ੀ ਜੈਨ, ਏਸੀਪੀ ਰਾਜੇਸ਼ ਠਾਕੁਰ, ਏਸੀਪੀ ਗੁਰਪ੍ਰੀਤ ਸਿੰਘ, ਥਾਣਾ ਨੰਬਰ 2 ਦੇ ਮੁਖੀ ਜਸਵਿੰਦਰ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਤਾਇਨਾਤ ਕਰ ਦਿੱਤੀ ਗਈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਮਾਗਮ ਲਈ ਮਨਜ਼ੂਰੀ ਨਹੀਂ ਲਈ ਗਈ ਸੀ, ਜਿਸ ਕਾਰਨ ਤਿਆਰੀਆਂ ਰੁਕਵਾ ਦਿੱਤੀਆਂ ਗਈਆਂ | ਇਸ ਸੰਬੰਧੀ ਗੱਲਬਾਤ ਕਰਦਿਆਂ ਏਸੀਪੀ ਸੈਂਟਰਲ ਰਾਜੇਸ਼ ਠਾਕੁਰ ਨੇ ਦੱਸਿਆ ਕਿ ਪ੍ਰਬੰਧਕਾਂ ਮਨਜ਼ੂਰੀ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਥਾਣਾ ਮੁਖੀ ਤੋਂ ਬਾਅਦ ਉਨ੍ਹਾਂ ਵਲੋਂ ਉੱਚ ਅਧਿਕਾਰੀਆਂ ਕੋਲ ਭੇਜਣ ਲਈ ਸਿਫਾਰਸ਼ ਕਰ ਦਿੱਤੀ ਗਈ ਸੀ | ਉਨ੍ਹਾਂ ਕਿਹਾ ਕਿ ਉਕਤ ਅਰਜ਼ੀ ਉਨ੍ਹਾਂ ਨੇ 9 ਮਈ ਨੂੰ ਹੀ ਵਿਧਾਇਕ ਰਮਨ ਅਰੋੜਾ ਨੂੰ ਦੇ ਦਿੱਤੀ ਸੀ ਜੋ ਕਿ ਉਨ੍ਹਾਂ ਨੇ ਆਪਣੇ ਕੋਲ ਹੀ ਰੱਖੀ ਹੋਈ ਸੀ ਜਦੋਂਕਿ ਅਰਜ਼ੀ ਡੀਸੀਪੀ ਹੈਡਕੁਆਰਟਰ ਦੇ ਦਫਤਰ 'ਚ ਦੇਣੀ ਸੀ | ਉਥੋਂ ਹੀ ਸਮਾਗਮ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਮਾਗਮ ਦੀ ਮਨਜ਼ੂਰੀ ਸੰਬੰਧੀ ਪ੍ਰਬੰਧਕਾਂ ਵਲੋਂ ਸਾਰੇ ਕਾਰਵਾਈਆਂ ਪੂਰੀਆਂ ਕੀਤੇ ਜਾਣ ਉਪਰੰਤ ਮਨਜ਼ੂਰੀ ਦੇ ਦਿੱਤੀ ਗਈ ਹੈ |
ਪੁਲਿਸ ਮਨਜ਼ੂਰੀ ਤੋਂ ਬਿਨਾਂ ਕਰਵਾਈ ਜਾ ਰਹੀ ਸੀ ਬਾਲਾਜੀ ਦੀ ਚੌਕੀ : ਜਤਿਨ ਗੁਲਾਟੀ
ਆਮ ਆਦਮੀ ਪਾਰਟੀ ਦੇ ਕੌਂਸਲਰ ਜਤਿਨ ਗੁਲਾਟੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਮਾਗਮ ਕਰਵਾਉਣ ਵਾਲੀ ਸੰਸਥਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਸਥਾ ਵਲੋਂ ਕੋਈ ਜਵਾਬ ਨਾ ਮਿਲਣ ਕਾਰਨ ਪੁਲਿਸ ਨੇ ਚੌਕੀ ਰੋਕਣ ਲਈ ਆਖਿਆ ਸੀ | ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ | ਇਸ 'ਤੇ ਆਮ ਆਦਮੀ ਪਾਰਟੀ ਦੇ ਸੈਂਟ੍ਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵਲੋਂ ਉਨ੍ਹਾਂ (ਜਤਿਨ ਗੁਲਾਟੀ) ਨੂੰ ਸਮਾਗਮ ਦੀ ਮਨਜ਼ੂਰੀ ਲੈ ਕੇ ਦੇਣ ਦੀ ਜ਼ਿੰੰਮੇਵਾਰੀ ਸੌਂਪੀ ਗਈ | ਉਨ੍ਹਾਂ ਵਲੋਂ ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਕਰਵਾ ਕੇ ਸੰਸਥਾ ਨੂੰ ਬਾਲਾਜੀ ਦੀ ਚੌਂਕੀ ਕਰਨ ਲਈ ਮਨਜ਼ੂਰੀ ਦਿਵਾਈ ਗਈ | ਕੌਂਸਲਰ ਜਤਿਨ ਗੁਲਾਟੀ ਨੇ ਕਿਹਾ ਕਿ ਕੁਝ ਸ਼ਰਾਰਤੀ ਸਿਆਸੀ ਆਗੂਆਂ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ 'ਆਪ' ਦੇ ਸੀਨੀਅਰ ਆਗੂ ਨਿਤਿਨ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੇ ਸੂਝਬੂਝ ਨਾਲ ਸਾਰੇ ਮਾਮਲੇ ਨੂੰ ਸੁਲਝਾ ਲਿਆ | ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂ ਤੇ ਵਰਕਰ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੇ ਦੂਜੇ ਦਿਨ 17 ਨਾਮਜ਼ਦਗੀ ਪੱਤਰ ਦਾਖਲ ਅਗਲੀ ਖ਼ਬਰ ਭਾਜਪਾ ਦਾ ਪੰਜਾਬ ਵਿਰੋਧੀ ਏਜੰਡਾ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿਆਂਗੇ : ਦੀਪਕ ਬਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।