ਨਗਰ ਨਿਗਮ ਦੇ ਕਈ ਵਿਭਾਗਾਂ ਦੇ ਰਿਕਾਰਡ ਨੂੰ ਲੈ ਕੇ ਪ੍ਰਭਾਵਿਤ ਹੋ ਰਹੀ ਹੈ ਜਾਂਚ
ਅਜੀਤ ਡੈਸਕ
15-05-2026
ਜਲੰਧਰ, 14 ਮਈ (ਸ਼ਿਵ)-ਨਗਰ ਨਿਗਮ ਦੇ ਕਈ ਵਿਭਾਗਾਂ ਦੇ ਰਿਕਾਰਡ ਨੂੰ ਲੈ ਜਾਂਚ ਦੇ ਮਾਮਲੇ ਪ੍ਰਭਾਵਿਤ ਹੋ ਰਹੇ ਹਨ ਤੇ ਇਸ ਤਰਾਂ ਦੇ ਮਾਮਲਿਆਂ ਵਿਚ ਪਹਿਲਾਂ ਤਾਂ ਖ਼ੁਲਾਸੇ ਕਰ ਦਿੱਤੇ ਜਾਂਦੇ ਹਨ ਪਰ ਬਾਅਦ ਵਿਚ ਇਹ ਮਾਮਲੇ ਦੱਬ ਜਾਂਦੇ ਹਨ ਜਿਸ ਕਰਕੇ ਨਾ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਦਫਤਰ ਸਗੋਂ ਹੋਰ ਵੀ ਮਾਮਲਿਆਂ ਦੀ ਜਾਂਚ ਵਿਚ ਕਾਫੀ ਦੇਰੀ ਹੋ ਰਹੀ ਹੈ | ਨਗਰ ਨਿਗਮ ਨਾਲ ਇਸ ਵੇਲੇ ਕਈ ਮਾਮਲੇ ਜੁੜੇ ਹੋਏ ਹਨ ਜਿਨਾਂ ਦੇ ਪਹਿਲਾਂ ਸਨਸਨੀਖੇਜ ਤਰੀਕੇ ਨਾਲ ਖ਼ੁਲਾਸੇ ਤਾਂ ਹੋਏ ਸੀ ਪਰ ਬਾਅਦ ਵਿਚ ਮਾਮਲੇ ਦੱਬ ਗਏ ਸਨ | ਸਥਾਨਕ ਸਰਕਾਰਾਂ ਵਿਭਾਗ ਨੂੰ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਮੁੱਖ ਚੌਕਸੀ ਅਫ਼ਸਰ ਵਲੋਂ ਸ਼ਹਿਰ ਵਿਚ ਆ ਕੇ ਕਈ ਉਸਾਰੀਆਂ ਦੀ ਜਾਂਚ ਕੀਤੀ ਗਈ ਸੀ ਤੇ ਬਾਅਦ ਵਿਚ ਕਈ ਉਸਾਰੀਆਂ ਦਾ ਰਿਕਾਰਡ ਵੀ ਤਲਬ ਕੀਤਾ ਗਿਆ ਸੀ ਪਰ ਇਸ ਗੱਲ ਦੀ ਕਾਫੀ ਚਰਚਾ ਹੁੰਦੀ ਰਹੀ ਸੀ ਕਿ ਮੁੱਖ ਚੌਕਸੀ ਦਫਤਰ ਤੱਕ ਵੀ ਪੂਰਾ ਰਿਕਾਰਡ ਪੁੱਜਦਾ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਕਈ ਇਮਾਰਤਾਂ ਦੀ ਜਾਂਚ ਦਾ ਮਾਮਲਾ ਅਜੇ ਤੱਕ ਲਟਕ ਰਿਹਾ ਹੈ | ਇਸ ਤੋਂ ਪਹਿਲਾਂ ਵੀ ਪੱਛਮੀ ਵਿਧਾਨ ਸਭਾ ਹਲਕੇ ਵਿਚ ਕਰੋੜਾਂ ਦੇ ਟੈਂਡਰਾਂ ਵਿਚ ਪੂਲ ਕਰਨ ਦੇ ਮਾਮਲੇ ਦੀ ਕਾਫੀ ਚਰਚਾ ਹੋਈ ਸੀ ਤਾਂ ਬਾਅਦ ਵਿਚ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਬਾਰੇ ਰਿਕਾਰਡ ਤਲਬ ਕੀਤਾ ਸੀ ਪਰ ਰਿਕਾਰਡ ਸਮੇਂ ਸਿਰ ਨਾ ਭੇਜਣ ਕਰਕੇ ਸਰਕਾਰ ਨੇ ਕਈ ਬਾਰ ਚਿੱਠੀਆਂ ਲਿਖ ਕੇ ਇਸ ਮਾਮਲੇ ਵਿਚ ਰਿਕਾਰਡ ਤਲਬ ਕੀਤਾ ਸੀ | ਇਸੇ ਤਰਾਂ ਨਾਲ ਨਗਰ ਨਿਗਮ ਵਿਚ ਵੀ ਓ. ਐਂਡ. ਐਮ. ਸ਼ਾਖਾ ਨਾਲ ਸਬੰਧਿਤ ਸਟਰੀਟ ਲਾਈਟਾਂ ਅਤੇ ਸੀਵਰੇਜ ਦੇ ਕੰਮਾਂ ਦੇ ਟੈਂਡਰਾਂ ਦੇ ਮਾਮਲੇ ਵਿਚ ਸੰਯੁਕਤ ਕਮਿਸ਼ਨਰ ਵਲੋਂ ਹੇਠਲੇ ਅਫ਼ਸਰ ਵਲੋਂ ਰਿਕਾਰਡ ਤਲਬ ਕੀਤਾ ਗਿਆ ਸੀ ਪਰ ਉਹ ਵੀ ਜਦੋਂ ਰਿਕਾਰਡ ਨਹੀਂ ਭੇਜਿਆ ਗਿਆ ਸੀ ਤਾਂ ਬਾਅਦ ਵਿਚ ਕਾਫੀ ਸਖ਼ਤ ਚਿੱਠੀਆਂ ਲਿਖੀਆਂ ਗਈਆਂ ਸੀ | ਲੋਕਾਂ ਦਾ ਕਹਿਣਾ ਸੀ ਕਿ ਕਈ ਵਿਭਾਗਾਂ ਵਲੋਂ ਰਿਕਾਰਡ ਦੇਣ ਵਿਚ ਆਨਾਕਾਨੀ ਕਿਉਂ ਕੀਤੀ ਜਾਂਦੀ ਹੈ | ਜਦ ਸਰਕਾਰ ਦੀ ਹਦਾਇਤ 'ਤੇ ਰਿਕਾਰਡ ਤਲਬ ਕੀਤਾ ਜਾਂਦਾ ਹੈ ਤਾਂ ਫਿਰ ਇਸ ਰਿਕਾਰਡ ਨੂੰ ਜਲਦੀ ਦੇਣਾ ਚਾਹੀਦਾ ਹੈ | ਚੇਤੇ ਰਹੇ ਕਿ ਇਸ ਮਾਮਲੇ ਵਿਚ ਆਉੂਟਸੋਰਸ ਭਰਤੀ ਮਾਮਲੇ ਦਾ ਵੀ ਰਿਕਾਰਡ ਤਲਬ ਕੀਤਾ ਗਿਆ ਸੀ | ਉਂਜ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੀ ਕਈ ਮਾਮਲਿਆਂ ਨੂੰ ਲੈ ਕੇ ਰਿਕਾਰਡ ਤਲਬ ਕਰ ਚੁੱਕੇ ਹਨ ਪਰ ਉਨਾਂ ਨੂੰ ਅਜੇ ਤੱਕ ਕਿਸੇ ਮਾਮਲੇ ਨਾਲ ਸਬੰਧਿਤ ਰਿਕਾਰਡ ਨਹੀਂ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਵਲੋਂ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕਰਕੇ ਕਈ ਖ਼ਾਮੀਆਂ ਦਾ ਖ਼ੁਲਾਸਾ ਕੀਤਾ ਗਿਆ ਪਰ ਇਸ ਮਾਮਲੇ 'ਤੇ ਅੱਗੇ ਕਾਰਵਾਈ ਨਹੀਂ ਹੋ ਸਕੀ ਸੀ | ਉਂਜ ਮੇਅਰ ਵਨੀਤ ਧੀਰ ਨੇ ਵਸੂਲੀ ਵਧਾਉਣ ਅਤੇ ਸ਼ਿਕਾਇਤਾਂ ਨੂੰ ਲੈ ਕੇ ਸਾਰੀ ਤਹਿਬਾਜ਼ਾਰੀ ਸ਼ਾਖਾ ਬਦਲ ਦਿੱਤੀ ਸੀ ਤਾਂ ਉਨਾਂ ਨੇ ਇਕ ਕਮੇਟੀ ਬਣਾ ਕੇ ਬਕਾਇਦਾ ਨਾਜਾਇਜ ਵਸੂਲੀ ਦੇ ਮਾਮਲੇ ਦਾ ਖ਼ੁਲਾਸਾ ਕੀਤਾ ਸੀ ਪਰ ਅਜੇ ਇਸ ਮਾਮਲੇ ਦੀ ਜਾਂਚ ਹੋਣੀ ਹੈ | ਮੇਅਰ ਨੇ ਇਸ ਨੂੰ ਲੈ ਕੇ ਕਾਫੀ ਸਖ਼ਤ ਹਦਾਇਤਾਂ ਦਿੱਤੀਆਂ ਸੀ | ਕਈ ਵਿਭਾਗਾਂ ਦਾ ਰਿਕਾਰਡ ਨਾ ਹੋਣ ਕਰਕੇ ਹੋ ਰਹੀ ਜਾਂਚ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਇਸ ਮਾਮਲੇ ਵਿਚ ਅਜੇ ਕਾਰਵਾਈ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ |