14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਹਿਲਾਂ ਬਿੱਲ ਜਮ੍ਹਾਂ ਨਾ ਕਰਵਾਇਆ ਤਾਂ ਬੰਦ ਹੋ ਜਾਵੇਗੀ ਸਟਰੀਟ ਲਾਈਟ ਤੇ ਟਿਊਬਵੈੱਲ ਦੀ ਬਿਜਲੀ ਸਪਲਾਈ <br/>

ਅਜੀਤ ਡੈਸਕ 18-05-2026

ਸ਼ਿਵ ਸ਼ਰਮਾ
ਜਲੰਧਰ, 17 ਮਈ - ਪਾਵਰਕਾਮ ਨੇ ਸੂਬੇ ਭਰ ਵਿਚ ਸਰਕਾਰੀ ਦਫ਼ਤਰਾਂ ਵਿਚ 40 ਹਜ਼ਾਰ ਦੇ ਕਰੀਬ ਬਿਜਲੀ ਦੇ ਪ੍ਰੀ-ਪੇਡ ਮੀਟਰ ਲਗਾ ਦਿੱਤੇ ਹਨ ਤਾਂ ਹੁਣ ਜੇਕਰ ਕਿਸੇ ਸਰਕਾਰੀ ਅਦਾਰੇ ਵਲੋਂ ਬਿਜਲੀ ਦਾ ਬਿੱਲ ਪੇਸ਼ਗੀ ਜਮਾਂ ਨਹੀਂ ਕਰਵਾਇਆ ਜਾਂਦਾ ਹੈ ਤਾਂ ਹਸਪਤਾਲਾਂ ਨੂੰ ਛੱਡ ਕੇ ਉਸ ਦੀ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ | ਇਸ ਦੇ ਤਹਿਤ ਜਲੰਧਰ ਵਿਚ ਵੀ ਕਈ ਸਕੂਲਾਂ ਦੀ ਸਪਲਾਈ ਕੱਟ ਦਿੱਤੀ ਗਈ ਸੀ | ਇਸ ਦੇ ਤਹਿਤ ਕੁੱਝ ਦਿਨ ਪਹਿਲਾਂ ਸਟਰੀਟ ਲਾਈਟ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਸੀ | ਦੱਸਿਆ ਜਾਂਦਾ ਹੈ ਕਿ ਪਾਵਰਕਾਮ ਨੇ ਇਸ ਮਾਮਲੇ ਵਿਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਸਟਰੀਟ ਲਾਈਟ ਦੀ ਸਪਲਾਈ ਅਤੇ ਟਿਊਬਵੈੱਲਾਂ ਦੀ ਸਪਲਾਈ ਦੇ ਜਿਹੜੇ ਬਿਜਲੀ ਦੇ ਪ੍ਰੀ-ਪੇਡ ਮੀਟਰ ਲਗਾਏ ਗਏ ਸਨ | ਉਨ੍ਹਾਂ ਬਾਰੇ ਪਾਵਰਕਾਮ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਨਗਰ ਨਿਗਮ ਵਲੋਂ ਇਨ੍ਹਾਂ ਦੀ ਸਪਲਾਈ ਲਈ ਪੇਸ਼ਗੀ ਬਿੱਲ ਜਮਾਂ ਨਾ ਕਰਵਾਇਆ ਗਿਆ ਤਾਂ ਉਨ੍ਹਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ | ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਵਲੋਂ ਚਾਹੇ ਪਾਵਰਕਾਮ ਨੂੰ ਸਟਰੀਟ ਲਾਈਟਾਂ ਅਤੇ ਟਿਊਬਵੈੱਲਾਂ ਦੇ ਬਿੱਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਕਈ ਬਾਰ ਇਨ੍ਹਾਂ ਬਿੱਲਾਂ ਦੀ ਪੂਰੀ ਅਦਾਇਗੀ ਜਾਂ ਦੇਰੀ ਨਾਲ ਅਦਾਇਗੀ ਕੀਤੀ ਜਾਂਦੀ ਹੈ ਜਿਸ ਕਰਕੇ ਪਾਵਰਕਾਮ ਨੇ ਇਸ ਮਾਮਲੇ ਵਿਚ ਹੁਣ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ | ਸ਼ਹਿਰ ਵਿਚ ਇਸ ਵੇਲੇ ਨਗਰ ਨਿਗਮ ਨੂੰ ਸਟਰੀਟ ਲਾਈਟਾਂ ਅਤੇ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਲਈ ਕਰੋੜਾਂ ਰੁਪਏ ਦੇ ਬਿੱਲਾਂ ਦੀ ਅਦਾਇਗੀ ਹਰ ਮਹੀਨੇ ਕਰਨੀ ਪੈਂਦੀ ਹੈ | ਸ਼ਹਿਰ ਵਿਚ ਟਿਊਬਵੈੱਲਾਂ ਦੀ ਗਿਣਤੀ 650 ਦੇ ਕਰੀਬ ਪੁੱਜ ਗਈ ਹੈ ਜਦਕਿ ਦੂਜੇ ਪਾਸੇ ਸ਼ਹਿਰ ਵਿਚ ਸਟਰੀਟ ਲਾਈਟਾਂ ਦੀ ਗਿਣਤੀ ਨਿਗਮ ਦੇ ਰਿਕਾਰਡ ਵਿਚ 1 ਲੱਖ ਦੇ ਕਰੀਬ ਪੁੱਜ ਗਈ ਹੈ ਪਰ ਇਸ ਤੋਂ ਵੀ ਕਈ ਹਜ਼ਾਰ ਸਟਰੀਟ ਲਾਈਟਾਂ ਜ਼ਿਆਦਾ ਲਗਾ ਚੁੱਕੀਆਂ ਹਨ ਜਿਸ ਕਰਕੇ ਸਟਰੀਟ ਲਾਈਟਾਂ ਦਾ ਲੋਡ ਕਈ ਗੁਣਾ ਵਧ ਚੁੱਕਾ ਹੈ | ਨਗਰ ਨਿਗਮ ਨੇ ਤਾਂ ਕਈ ਸਾਲ ਪਹਿਲਾਂ ਬਿਜਲੀ ਦੇ ਬਿੱਲਾਂ ਦੀ ਬੱਚਤ ਕਰਨ ਲਈ ਜ਼ਿਆਦਾ ਬਿਜਲੀ ਦੀ ਖਪਤ ਕਰਨ ਵਾਲੀਆਂ ਸੋਡੀਅਮ ਲਾਈਟਾਂ ਦੀ ਜਗਾ ਐਲ. ਈ. ਡੀ. ਲਾਈਟਾਂ ਲਗਵਾਈਆਂ ਸੀ ਪਰ ਉਲਟਾ ਹੁਣ ਐੱਲ.ਈ.ਡੀ. ਲਾਈਟਾਂ ਦੀ ਗਿਣਤੀ ਐਨੀ ਜ਼ਿਆਦਾ ਵਧ ਗਈ ਹੈ ਕਿ ਬਿਜਲੀ ਦੇ ਬਿੱਲ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ | ਅਜੇ ਵੀ ਨਵੀਆਂ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਬੰਦ ਨਹੀਂ ਹੋ ਰਿਹਾ ਹੈ | ਐੱਚ.ਪੀ.ਐੱਲ. ਕੰਪਨੀ ਨੇ ਆਪਣੀਆਂ ਸਟਰੀਟ ਲਾਈਟਾਂ ਲਗਾਉਣ ਲਈ ਬਕਾਇਦਾ ਪੈਨਲ ਤੇ ਹੋਰ ਉਪਕਰਨ ਲਗਾਏ ਹਨ ਪਰ ਕਈ ਨਵੀਆਂ ਲਾਈਟਾਂ ਤੇ ਹਾਈਮਾਸਕ ਲਾਈਟਾਂ ਸਿੱਧੀਆਂ ਬਿਨਾਂ ਪੈਨਲ ਤੇ ਬਿਨਾਂ ਉਪਕਰਨਾਂ ਦੇ ਲਗਾਈਆਂ ਜਾ ਰਹੀਆਂ ਜਿਸ ਕਰਕੇ ਇਕ ਤਾਂ ਪਾਵਰਕਾਮ ਦੇ ਬਿਜਲੀ ਸਿਸਟਮ 'ਤੇ ਦਬਾਅ ਪੈ ਰਿਹਾ ਹੈ ਤੇ ਟਰਾਂਸਫ਼ਾਰਮਰ ਸੜ ਰਹੇ ਹਨ ਸਗੋਂ ਨਾਜਾਇਜ਼ ਹੋਰ ਲਾਈਟਾਂ ਲੱਗਣ ਨਾਲ ਐੱਚ.ਪੀ.ਐੱਲ. ਕੰਪਨੀ ਦੇ ਲੱਖਾਂ ਦੇ ਉਪਕਰਨ ਸੜ ਚੁੱਕੇ ਹਨ | ਸਿਸਟਮ ਵਿਚ ਨੁਕਸ ਪੈਣ ਕਰਕੇ ਹੁਣ ਕਈ ਥਾਵਾਂ 'ਤੇ 24 ਘੰਟੇ ਸਟਰੀਟ ਲਾਈਟਾਂ ਚੱਲ ਰਹੀਆਂ ਹਨ ਜਿਸ ਕਰਕੇ ਉਲਟਾ ਨਗਰ ਨਿਗਮ ਨੂੰ ਵਾਧੂ ਲੱਖਾਂ ਰੁਪਏ ਦਾ ਬਿੱਲ ਤਾਂ ਦੇਣਾ ਪੈ ਰਿਹਾ ਹੈ ਤੇ ਕੰਪਨੀ ਵਲੋਂ ਇਨ੍ਹਾਂ ਲਾਈਟਾਂ ਨੂੰ ਠੀਕ ਨਹੀਂ ਕੀਤਾ ਜਾਂਦਾ ਕਿਉਂਕਿ ਬਿਜਲੀ ਦੇ ਬਿੱਲ ਦੀ ਅਦਾਇਗੀ ਨਗਰ ਨਿਗਮ ਵਲੋਂ ਕੀਤੀ ਜਾਂਦੀ ਹੈ | ਹੋਰ ਤਾਂ ਹੋਰ ਗਰਮੀਆਂ ਵਿਚ ਵੀ ਸਟਰੀਟ ਲਾਈਟਾਂ ਦੀ ਲਾਈਨ ਦੇ ਨਾਲ ਕੁੰਡੀਆਂ ਲਗਾਉਣ ਦੇ ਮਾਮਲੇ ਫੜੇ ਗਏ ਹਨ ਸਗੋਂ ਕਈਆਂ ਵਲੋਂ ਏ. ਸੀ. ਵੀ ਸਟਰੀਟ ਲਾਈਟ ਨਾਲ ਚੱਲਣ ਕਾਰਨ ਨਗਰ ਨਿਗਮ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ ਸਗੋਂ ਪਾਵਰਕਾਮ ਦੇ ਬਿਜਲੀ ਸਿਸਟਮ 'ਤੇ ਭਾਰੀ ਦਬਾਅ ਪੈਣ ਨਾਲ ਉਸ ਦੇ ਟਰਾਂਸਫ਼ਾਰਮਰ ਸੜ ਰਹੇ ਹਨ | ਨਗਰ ਨਿਗਮ ਵਲੋਂ ਜੇਕਰ ਹੁਣ ਪੇਸ਼ਗੀ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਹੈ ਤਾਂ ਕਈ ਇਲਾਕਿਆਂ ਦੀ ਸਟਰੀਟ ਲਾਈਟਾਂ ਅਤੇ ਟਿਊਬਵੈੱਲਾਂ ਦੀ ਸਪਲਾਈ ਬੰਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਕਈ ਇਲਾਕਿਆਂ ਵਿਚ ਪਾਣੀ ਸੰਕਟ ਵੀ ਪੈਦਾ ਹੋਣ ਦੀ ਸ਼ੰਕਾ ਹੈ |

ਪਿਛਲੀ ਖ਼ਬਰ ਜਲੰਧਰ ਦੀ ਧੀ ਨੇ ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਰਚਿਆ ਇਤਿਹਾਸ ਮਾਨਿਆ ਰਲਹਣ ਬਣੀ ਜਲੰਧਰ ਦੀ ਪਹਿਲੀ ਮਹਿਲਾ ਬੈਡਮਿੰਟਨ... ਅਗਲੀ ਖ਼ਬਰ ਜਲੰਧਰ ਵਿਚ ਚੱਲਣਗੀਆਂ 97 ਈ-ਬੱਸਾਂ- ਨਗਰ ਨਿਗਮ ਦੇ ਦਫ਼ਤਰ ਵਿਚ ਤੇਜ਼ੀ ਨਾਲ ਬਣ ਰਿਹਾ ਡੀਪੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।