14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹਾਈ ਬਲੱਡ ਪ੍ਰੈਸ਼ਰ ਦਾ ਦਿਲ 'ਤੇ ਪੈਣ ਵਾਲਾ ਖ਼ਾਮੋਸ਼ ਅਸਰ ਸਮਝਣਾ ਜ਼ਰੂਰੀ-ਡਾ. ਵੀ.ਪੀ. ਸ਼ਰਮਾ <br/>

ਅਜੀਤ ਡੈਸਕ 18-05-2026
ਜਲੰਧਰ, 17 ਮਈ (ਐੱਮ. ਐੱਸ. ਲੋਹੀਆ)-ਵਿਸ਼ਵ ਹਾਈ ਬਲੱਡ ਪ੍ਰੈਸ਼ਰ ਦਿਵਸ ਮੌਕੇ ਫੋਰਟਿਸ ਹਸਪਤਾਲ ਜਲੰਧਰ ਦੇ ਡਾਇਰੈਕਟਰ ਅਤੇ ਸੀਨੀਅਰ ਕਨਸਲਟੈਂਟ ਕਾਰਡੀਓਲੋਜੀ ਡਾ. ਵੀ.ਪੀ. ਸ਼ਰਮਾ ਨੇ ਹਾਈ ਬਲੱਡ ਪ੍ਰੈਸ਼ਰ, ਇਸ ਨਾਲ ਹੋਣ ਵਾਲੀਆਂ ਦਿਲ ਦੀਆਂ ਬਿਮਾਰੀਆਂ, ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ | ਡਾ. ਸ਼ਰਮਾ ਨੇ ਦੱਸਿਆ ਕਿ ਦਿਲ 'ਤੇ ਹਾਈ ਬਲੱਡ ਪ੍ਰੈਸ਼ਰ ਦਾ ਕੀ ਅਸਰ ਪੈਂਦਾ ਹੈ | ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਉਹ ਦਬਾਅ ਹੁੰਦਾ ਹੈ, ਜੋ ਖੂਨ ਦਿਲ ਵਲੋਂ ਪੰਪ ਹੋਣ ਸਮੇਂ ਧਮਨੀਆਂ ਦੀਆਂ ਕੰਧਾਂ 'ਤੇ ਪਾਉਂਦਾ ਹੈ | ਆਮ ਬਲੱਡ ਪ੍ਰੈਸ਼ਰ 120/80 ਐੱਮ.ਐੱਮ. ਐੱਚ.ਜੀ. ਤੋਂ ਘੱਟ ਮੰਨਿਆ ਜਾਂਦਾ ਹੈ | ਜਦੋਂ ਇਹ ਲਗਾਤਾਰ 130/80 ਐੱਮ.ਐੱਮ. ਐੱਚ.ਜੀ. ਜਾਂ ਇਸ ਤੋਂ ਵੱਧ ਰਹਿੰਦਾ ਹੈ ਤਾਂ ਇਸਨੂੰ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ | ਇਸ ਨਾਲ ਦਿਲ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ ਅਤੇ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੇ ਮੁੱਖ ਹਿੱਸੇ ਦੀਆਂ ਕੰਧਾਂ ਮੋਟੀਆਂ ਹੋ ਸਕਦੀਆਂ ਹਨ, ਜਿਸ ਨਾਲ ਹਾਰਟ ਫ਼ੇਲ ਅਤੇ ਅਚਾਨਕ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ | ਲੰਮੇਂ ਸਮੇਂ ਤੱਕ ਹਾਈ ਬਲੱਡ ਪ੍ਰੈਸ਼ਰ ਰਹਿਣ ਨਾਲ ਧਮਨੀਆਂ ਆਪਣੀ ਲਚਕ ਗੁਆ ਲੈਂਦੀਆਂ ਹਨ, ਜਿਸ ਨਾਲ ਦਿਲ 'ਤੇ ਹੋਰ ਦਬਾਅ ਪੈਂਦਾ ਹੈ | ਡਾ. ਸ਼ਰਮਾ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਨਾਲ ਦਿਲ ਦੀ ਧੜਕਨ ਅਨਿਯਮਿਤ ਹੋ ਸਕਦੀ ਹੈ, ਜਿਸ ਨਾਲ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਲਈ ਹਾਈ ਬਲੱਡ ਪ੍ਰੈਸ਼ਰ ਨੂੰ ''ਸਾਇਲੈਂਟ ਕਿਲਰ'' ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਅਕਸਰ ਸਾਹਮਣੇ ਨਹੀਂ ਆਉਂਦੇ | ਉਨ੍ਹਾਂ ਕਿਹਾ ਕਿ ਜੇਕਰ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਵੇ ਤਾਂ ਇਹ ਲੱਛਣ ਨਜ਼ਰ ਆ ਸਕਦੇ ਹਨ, ਜਿਵੇਂ ਕਿ ਸਾਹ ਚੜ੍ਹਣਾ, ਚੱਕਰ ਆਉਣਾ, ਧੁੰਦਲਾ ਦਿਖਾਈ ਦੇਣਾ, ਨੱਕ 'ਚੋਂ ਖੂਨ ਆਉਣਾ, ਘਬਰਾਹਟ ਜਾਂ ਉਲਝਣ ਮਹਿਸੂਸ ਹੋਣਾ ਆਦਿ | ਡਾ. ਵੀ.ਪੀ. ਸ਼ਰਮਾ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਣ ਲਈ ਖਾਣੇ 'ਚ ਨਮਕ ਘੱਟ ਕਰੋ, ਪਾਲਕ, ਬ੍ਰੋਕਲੀ ਅਤੇ ਗਾਜਰ ਵਰਗੀਆਂ ਸਬਜ਼ੀਆਂ ਖਾਣੇ 'ਚ ਸ਼ਾਮਲ ਕਰੋ, ਸਟ੍ਰਾਬੈਰੀ, ਬਲੂਬੈਰੀ ਅਤੇ ਰੱਸਭਰੀ ਵਰਗੇ ਫ਼ਲ ਫਾਇਦੇਮੰਦ ਹਨ | ਇਸ ਤੋਂ ਇਲਾਵਾ ਕੇਲਾ, ਸੰਤਰਾ ਅਤੇ ਐਵੋਕਾਡੋ ਵਰਗੇ ਫਲਾਂ ਨਾਲ ਸਰੀਰ ਨੂੰ ਪੋਟਾਸ਼ੀਅਮ ਮਿਲਦਾ ਹੈ | ਉਨ੍ਹਾਂ ਸਲਾਹ ਦਿੱਤੀ ਕਿ ਤੰਬਾਕੂ ਨੋਸ਼ੀ ਤੋਂ ਦੂਰ ਰਹੋ, ਸ਼ਰਾਬ ਦੀ ਵਰਤੋਂ ਘੱਟ ਕਰੋ, ਨਿਯਮਿਤ ਕਸਰਤ ਕਰੋ ਅਤੇ ਵਜ਼ਨ ਕਾਬੂ 'ਚ ਰਖੋ | ਡਾ. ਸ਼ਰਮਾ ਨੇ ਕਿਹਾ ਕਿ ਨਿਯਮਿਤ ਤੌਰ 'ਤੇ ਬਲੱਡ ਪ੍ਰੈਸ਼ਰ ਦੀ ਜਾਂਚ ਅਤੇ ਸਹੀ ਖ਼ੁਰਾਕ ਤੇ ਜੀਵਨਸ਼ੈਲੀ ਅਪਣਾਉਣ ਨਾਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਮਾਪਿਆਂ ਲਈ 'ਬੱਚਿਆਂ ਵਿਚ ਵਿਕਾਸ ਦੇ ਮੀਲ ਪੱਥਰਾਂ ਨੂੰ ਸਮਝਣਾ' ਵਿਸ਼ੇ 'ਤੇ ਕਰਵਾਈ... ਅਗਲੀ ਖ਼ਬਰ ਅੱਜ ਦੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।