ਅੱਪਰਾ, 18 ਮਈ (ਦਲਵਿੰਦਰ ਸਿੰਘ ਅੱਪਰਾ)-ਗ੍ਰਾਮ ਪੰਚਾਇਤ ਲੋਹਗੜ੍ਹ, ਐੱਨ. ਆਰ. ਆਈ. ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁ. ਭਾਈ ਸੇਵਾ ਸਿੰਘ ਵਲੋਂ ਗੁਰਦੁਆਰਾ ਭਾਈ ਸੇਵਾ ਸਿੰਘ ਪਿੰਡ ਲੋਹਗੜ੍ਹ ਵਿਖੇ ਤਿੰਨ ਦਿਨਾ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਲੋਹਗੜ੍ਹ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ | ਦੂਸਰੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਗਈ ਅਤੇ ਹਲਟ ਦੌੜਾਂ ਕਰਵਾਈਆਂ ਗਈਆਂ | ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਬਲਦਾਂ ਦੀਆਂ ਜੇਤੂ ਜੋੜੀਆਂ ਦੇ ਮਾਲਕਾਂ ਨੂੰ ਮੋਟਰ ਸਾਈਕਲ ਇਨਾਮ ਵਜੋਂ ਦਿੱਤੇ ਗਏ | ਚੌਥਾ ਸਥਾਨ ਹਾਸਲ ਕਰਨ ਵਾਲੀ ਜੋੜੀ ਦੇ ਮਾਲਕ ਨੂੰ ਵਾਸ਼ਿੰਗ ਮਸ਼ੀਨ ਅਤੇ ਪੰਜਵੇਂ ਨੰਬਰ 'ਤੇ ਰਹਿਣ ਵਾਲੀ ਜੋੜੀ ਦੇ ਮਾਲਕ ਨੂੰ ਕੂਲਰ ਦੇ ਕੇ ਸਨਮਾਨਿਆ ਗਿਆ ਅਤੇ ਬਾਕੀ ਜੋੜੀਆਂ ਨੂੰ ਵੀ ਹੋਰ ਦਿਲਕਸ਼ ਇਨਾਮ ਦਿੱਤੇ ਗਏ | ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਢਾਡੀ ਦਰਬਾਰ ਸਜਾਏ ਗਏ | ਢਾਡੀ ਜਥਾ ਗਿਆਨੀ ਬਲਵੀਰ ਸਿੰਘ ਪਾਰਸ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ | ਵੱਖ ਵੱਖ ਸੇਵਾ ਨਿਭਾਉਣ ਵਾਲੀਆਂ ਸੰਗਤਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ | ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਸਰਪੰਚ ਗੁਰਜੀਤ ਸਿੰਘ ਗ੍ਰਾਮ ਪੰਚਾਇਤ ਲੋਹਗੜ੍ਹ ਵਲੋਂ ਗ੍ਰਾਮ ਪੰਚਾਇਤ ਲੋਹਗੜ੍ਹ, ਗੁ. ਪ੍ਰਬੰਧਕ ਕਮੇਟੀ ਲੋਹਗੜ੍ਹ, ਐੱਨ. ਆਰ. ਆਈ. ਵੀਰਾਂ ਦਾ ਧੰਨਵਾਦ ਕੀਤਾ ਗਿਆ |