ਅੱਪਰਾ, 18 ਮਈ (ਦਲਵਿੰਦਰ ਸਿੰਘ ਅੱਪਰਾ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਗਏ ਸਨ | ਆਰੀਆ ਮਾਡਲ ਹਾਈ ਸਕੂਲ ਅੱਪਰਾ ਦੀ ਮੁੱਖ ਅਧਿਆਪਕਾ ਜਸਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਤੇ ਪਹਿਲੀਆਂ 3 ਪੁਜੀਸ਼ਨਾਂ 'ਤੇ ਕੁੜੀਆਂ ਨੇ ਬਾਜ਼ੀ ਮਾਰ ਲਈ | ਉਨ੍ਹਾਂ ਨੇ ਦੱਸਿਆ ਕਿ ਅਰੂਸ਼ੀ ਨੇ 650 'ਚੋਂ 587 ਅੰਕ ਹਾਸਲ ਕੀਤੇ ਹਨ ਤੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਜੈਸਮੀਨ ਕੌਰ ਅਤੇ ਹਰਮਨ ਕੌਰ ਨੇ 580 ਤੇ 571 ਅੰਕ ਹਾਸਲ ਕਰਕੇ ਕ੍ਰਮਵਾਰ ਦੂਜੀ ਤੇ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ | ਮੁੱਖ ਅਧਿਆਪਕਾ ਜਸਵਿੰਦਰ ਕੌਰ ਨੇ ਬੱਚਿਆਂ, ਸਕੂਲ ਦੇ ਮਿਹਨਤੀ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਤੇ ਸਟਾਫ਼ ਦੀ ਮਿਹਨਤ ਸਦਕਾ ਹੀ ਸਕੂਲ ਦਾ ਸ਼ਾਨਦਾਰ ਨਤੀਜਾ ਆਇਆ ਹੈ |