ਜਲੰਧਰ, 4 ਜੂਨ (ਸ਼ਿਵ)-ਦਿੱਲੀ ਦੀ ਇਕ ਇਮਾਰਤ ਵਿਚ ਅੱਗ ਲੱਗਣ ਨਾਲ ਕਈ ਲੋਕਾਂ ਦੇ ਜਾਨ ਗੁਆਉਣ ਦੇ ਮਾਮਲੇ ਨੂੰ ਲੈ ਲੋਕਾਂ ਵਿਚ ਕਾਫ਼ੀ ਚਿੰਤਾ ਪਾਈ ਜਾ ਰਹੀ ਹੈ ਤੇ ਇਸ ਲਈ ਹੁਣ ਜਲੰਧਰ ਵਿਚ ਵੀ ਖ਼ਤਰੇ ਵਾਲੀਆਂ ਇਮਾਰਤਾਂ ਵਿਚ ਨਿਗਮ ਪ੍ਰਸ਼ਾਸਨ ਨੂੰ ਚੌਕਸੀ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਸ਼ਹਿਰ ਦੇ ਅਲੱਗ-ਅਲੱਗ ਥਾਵਾਂ 'ਤੇ ਕਈ ਤੰਗ ਮਾਰਕੀਟਾਂ ਬਣੀਆਂ ਹੋਈਆਂ ਹਨ ਤੇ ਇਸ ਤੋਂ ਇਲਾਵਾ ਬੱਸ ਸਟੈਂਡ ਦੇ ਕੋਲ ਵੀ ਕਈ ਇਮਾਰਤਾਂ ਬਣੀਆਂ ਹੋਈਆਂ ਹਨ | ਜਿਸ ਕਰਕੇ ਹੁਣ ਨਗਰ ਨਿਗਮ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਇਸ ਇਮਾਰਤਾਂ ਵਿਚ ਕੀਤੇ ਗਏ ਫਾਇਰ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਣ ਦੀ ਮੰਗ ਕੀਤੀ ਜਾ ਰਹੀ ਹੈ | ਸ਼ਹਿਰ ਦੀਆਂ ਕੁੱਝ ਇਮਾਰਤਾਂ ਕਈ ਮੰਜ਼ਿਲਾਂ ਦੀਆਂ ਬਣੀਆਂ ਹਨ ਪਰ ਹੁਣ ਇਹ ਫਾਇਰ ਬਿ੍ਗੇਡ ਵਿਭਾਗ 'ਤੇ ਵੀ ਨਿਰਭਰ ਹੈ ਕਿ ਉਹ ਖ਼ਤਰੇ ਵਾਲੀਆਂ ਇਮਾਰਤਾਂ ਵਿਚ ਫਾਇਰ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰੇਗਾ | ਉਂਝ ਅਟਾਰੀ ਬਾਜ਼ਾਰ, ਚੌਕ ਸੂਦਾਂ ਸਮੇਤ ਕਈ ਤੰਗ ਬਾਜ਼ਾਰ ਵੀ ਹਨ ਜਿੱਥੇ ਕਿ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੀ ਅੰਦਰ ਜਾਣ ਲਈ ਕਾਫ਼ੀ ਪੇ੍ਰਸ਼ਾਨੀ ਆਉਂਦੀ ਹੈ ਤੇ ਇਸੇ ਕਰਕੇ ਨਿਗਮ ਵਲੋਂ ਛੋਟੀਆਂ ਗੱਡੀਆਂ ਦੀ ਖ਼ਰੀਦ ਕੀਤੀ ਗਈ ਸੀ | ਉਂਝ ਇਨ੍ਹਾਂ ਬਾਜ਼ਾਰਾਂ ਵਿਚ ਪਾਣੀ ਸਪਲਾਈ ਦੇ ਪੁਆਇੰਟ ਬਣਾਏ ਗਏ ਹਨ ਪਰ ਦਿੱਲੀ ਵਿਚ ਵਾਪਰੇ ਭਿਆਨਕ ਹਾਦਸੇ ਤੋਂ ਸਬਕ ਲੈਂਦੇ ਹੋਏ ਨਿਗਮ ਪ੍ਰਸ਼ਾਸਨ ਅਤੇ ਲੋਕਾਂ ਨੂੰ ਵੀ ਇਸ ਪਾਸੇ ਜ਼ਿਆਦਾ ਧਿਆਨ ਦੇਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਸ਼ਹਿਰ ਦੇ ਤੰਗ ਬਾਜਾਰਾਂ ਵਿਚ ਲੋਕਾਂ ਨੇ ਕਬਜੇ ਕਰਕੇ ਉਨਾਂ ਦੀਆਂ ਸੜਕਾਂ ਨੂੰ ਹੋਰ ਵੀ ਛੋਟਾ ਕਰ ਦਿੱਤਾ ਹੈ | ਕੁੱਝ ਦਿਨ ਪਹਿਲਾਂ ਕਿਸ਼ਨਪੁਰਾ ਵਿਚ ਇਕ ਭਾਜਪਾ ਆਗੂ ਦੇ ਘਰ ਅਤੇ ਫੋਕਲ ਪੁਆਇੰਟ ਦੇ ਕੋਲ ਇਕ ਫ਼ੈਕਟਰੀ ਵਿਚ ਭਿਆਨਕ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਹੋਇਆ ਸੀ | ਜੂਨ ਦੇ ਮਹੀਨਾ ਕਾਫ਼ੀ ਤਪਣ ਵਾਲਾ ਹੈ ਤੇ ਇਸ ਕਹਿਰ ਦੀ ਗਰਮੀ ਵਿਚ ਕਈ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਵਿਚ ਸ਼ਾਰਟ ਸਰਕਟ ਜਾਂ ਹੋਰ ਕਾਰਨ ਹੁੰਦੇ ਹਨ ਤੇ ਇਸ ਲਈ ਇਮਾਰਤਾਂ ਵਿਚ ਫਾਇਰ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ |