ਜਲੰਧਰ ਛਾਉਣੀ, 4 ਜੁਨ (ਪਵਨ ਖਰਬੰਦਾ)-ਬੀਤੇ ਕਈ ਸਾਲਾਂ ਤੋਂ ਰਾਮਾ ਮੰਡੀ ਮਾਰਕੀਟ 'ਚ ਆਉਣ ਵਾਲੇ ਵਾਹਨ ਚਾਲਕਾਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਨਾਜਾਇਜ਼ ਰੇਹੜੀਆਂ ਨੂੰ ਹਟਾਉਣ 'ਚ ਅਸਫਲ ਰਹਿਣ ਵਾਲੀ ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਅਤੇ ਥਾਂ ਥਾਂ 'ਤੇ ਨਾਕੇ ਲਾ ਕੇ ਵਾਹਨ ਚਾਲਕਾਂ ਦੇ ਚਾਲਾਨ ਕੱਟਣ ਵਾਲੀ ਟਰੈਫ਼ਿਕ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕਾਂ 'ਚ ਦੋਵੇਂ ਹੀ ਵਿਭਾਗਾਂ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਰਾਮਾ ਮੰਡੀ ਮਾਰਕੀਟ ਦੇ ਦੋਵੇਂ ਹੀ ਪਾਸੇ ਸੜਕ ਕਿਨਾਰੇ ਅਕਸਰ ਹੀ ਨਾਜਾਇਜ਼ ਰੇਹੜੀਆਂ ਲੱਗੀਆਂ ਰਹਿੰਦੀਆਂ ਹਨ, ਜਿਸ ਕਾਰਨ ਇਸ ਮਾਰਕੀਟ 'ਚ ਖਰੀਦਦਾਰੀ ਕਰਨ ਆਉਣ ਵਾਲੇ ਵਾਹਨ ਚਾਲਕਾਂ ਨੂੰ ਮਜ਼ਬੂਰੀ 'ਚ ਆਪਣੇ ਵਾਹਨ ਸੜਕ ਦੇ ਨਾਲ ਹੀ ਖੜ੍ਹੇ ਕਰਨੇ ਪੈ ਰਹੇ ਹਨ, ਜਿਸ ਦੌਰਾਨ ਹੀ ਉਕਤ ਖੇਤਰ 'ਚ ਦੌਰਾ ਕਰਨ ਵਾਲੇ ਟਰੈਫ਼ਿਕ ਪੁਲਿਸ ਦੇ ਅਧਿਕਾਰ ਤੇ ਹੋਰ ਪੁਲਿਸ ਅਧਿਕਾਰੀ ਤੁਰੰਤ ਹੀ ਉਕਤ ਗੱਡੀ ਦੀ ਫੋਟੋ ਖਿੱਚ ਕੇ ਉਕਤ ਵਾਹਨ ਚਾਲਕ ਦਾ ਨੋ ਪਾਰਕਿੰਗ ਦਾ ਚਾਲਾਨ ਕੱਟਣ ਦਿੰਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਦਾ ਰੋਜ਼ਾਨਾਂ ਹੀ ਕਾਫ਼ੀ ਨੁਕਸਾਨ ਹੋ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਈ ਵਾਹਨ ਚਾਲਕਾਂ ਨੇ ਦੱਸਿਆ ਕਿ ਉਹ ਜਦੋਂ ਵੀ ਰਾਮਾ ਮੰਡੀ ਮਾਰਕੀਟ 'ਚ ਸਾਮਾਨ ਆਦਿ ਲੈਣ ਜਾਂਦੇ ਹਨ ਤਾਂ ਸੜਕ ਕਿਨਾਰੇ ਨਾਜਾਇਜ਼ ਰੇਹੜੀਆਂ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀ 'ਚ ਸੜਕ 'ਤੇ ਬਣੀ ਹੋਈ ਚਿੱਟੀ ਲਾਈਨ ਨੇੜੇ ਹੀ ਆਪਣਾ ਵਾਹਨ ਖੜ੍ਹਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਜੇਕਰ ਉਹ ਕਿਸੇ ਰੇਹੜੀ ਵਾਲੇ ਨੂੰ ਰੇਹੜੀ ਪਿੱਛੇ ਕਰਨ ਲਈ ਕਹਿੰਦੇ ਹਨ ਤਾਂ ਉਕਤ ਰੇਹੜੀ ਵਾਲਾ ਆਪਣੇ ਸਾਥੀਆਂ ਨੂੰ ਨਾਲ ਕੇ ਝਗੜਾ ਕਰਨ ਲੱਗ ਪੈਂਦਾ ਹੈ | ਵਾਹਨ ਚਾਲਕਾਂ ਨੇ ਨਗਰ ਨਿਗਮ ਅਤੇ ਟਰੈਫ਼ਿਕ ਪੁਲਿਸ ਦੇੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਰਾਮਾ ਮੰਡੀ ਮਾਰਕੀਟ 'ਚ ਇਨ੍ਹਾਂ ਨਾਜਾਇਜ਼ ਰੇਹੜੀਆਂ ਕਾਰਨ ਵਾਹਨ ਚਾਲਕਾਂ ਦੇ ਹਜ਼ਾਰਾਂ ਰੁਪਏ ਦੇ ਰੋਜ਼ਾਨਾਂ ਕੱਟਣ ਵਾਲੇ ਚਾਲਾਨਾਂ ਸੰਬੰਧੀ ਡੂੰਘਾਈ ਨਾਲ ਵਿਚਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ ਤੇ ਪੈਦਲ ਰਾਹਗੀਰਾਂ ਨੂੰ ਪੈਦਲ ਚੱਲ੍ਹਣ ਲਈ ਫੁੱਟਪਾਥ ਮਿਲ ਸਕੇ |