ਜਲੰਧਰ, 9 ਜੂਨ (ਜਸਪਾਲ ਸਿੰਘ)-ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡਾਂ 'ਚ ਕੁੱਝ ਲੋਕਾਂ ਵਲੋਂ ਸੀਵਰੇਜ ਦੇ ਪਾਈਪਾਂ ਤੇ ਹੋਰਨਾਂ ਕੰਮਾਂ ਲਈ ਬਿਨਾਂ ਮਨਜ਼ੂਰੀ ਸੜਕਾਂ ਨੂੰ ਪੁੱਟ ਕੇ ਨਾ ਕੇਵਲ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਬਲਕਿ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਜਲੰਧਰ ਛਾਉਣੀ ਬਾਈਪਾਸ 'ਤੇ ਬਣ ਰਹੀਆਂ ਕੁੱਝ ਕਾਲੋਨੀਆਂ 'ਚ ਤਾਂ ਕਾਲੋਨਾਈਜ਼ਰਾਂ ਵਲੋਂ ਸ਼ਰੇਆਮ ਸੀਵਰੇਜ ਦੀਆਂ ਪਾਈਪਾਂ ਪਾ ਕੇ ਮਹਿਕਮੇ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ | ਹਾਲਾਂਕਿ ਇਹ ਸੜਕਾਂ ਲੋਕ ਨਿਰਮਾਣ ਮਹਿਕਮੇ ਨੇ ਬਣਾਉਣ ਲਈ ਪਹਿਲਾਂ ਹੀ ਪੁੱਟੀਆਂ ਹੋਈਆਂ ਹਨ, ਜਿਸ ਦਾ ਫਾਇਦਾ ਇਨ੍ਹਾਂ ਕਾਲੋਨਾਈਜ਼ਰਾਂ ਵਲੋਂ ਉਠਾਇਆ ਜਾ ਰਿਹਾ ਹੈ ਤੇ ਇਨ੍ਹਾਂ ਸੜਕਾਂ ਨੂੰ ਪੁੱਟ ਕੇ ਸੀਵਰੇਜ ਪਾਈਪਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪਾਈਪ ਪਾਏ ਜਾ ਰਹੇ ਹਨ | ਪਰ ਸਵਾਲ ਇਹ ਉੱਠਦਾ ਹੈ ਕਿ ਕੀ ਬਿਨਾਂ ਮਨਜ਼ੂਰੀ ਦੇ ਇਸ ਤਰ੍ਹਾਂ ਸੜਕਾਂ ਨੂੰ ਪੁੱਟਿਆ ਜਾ ਸਕਦਾ ਹੈ | ਇੱਥੇ ਹੀ ਬੱਸ ਨਹੀਂ ਜੇਕਰ ਇਹ ਸੀਵਰੇਜ ਕਿਸੇ ਕਾਰਨ ਕਰਕੇ ਜਾਮ ਹੋ ਜਾਂਦਾ ਹੈ ਤਾਂ ਇਹ ਸੜਕਾਂ ਫਿਰ ਪੁੱਟਣੀਆਂ ਪੈ ਸਕਦੀਆਂ ਹਨ, ਅਜਿਹੇ 'ਚ ਲੋਕ ਨਿਰਮਾਣ ਮਹਿਕਮੇ 'ਤੇ ਸਵਾਲ ਉੱਠਣੇ ਲਾਜ਼ਮੀ ਹਨ | ਕੁੱਝ ਕਾਲੋਨਾਈਜ਼ਰਾਂ ਵਲੋਂ ਸੀਵਰੇਜ ਸੰਬੰਧੀ ਲੋੜੀਂਦੇ ਮਾਪਦੰਡ ਅਪਣਾਉਣ ਦੀ ਥਾਂ ਕੇਵਲ ਕੰਮ ਚਲਾਊ ਢੰਗ ਨਾਲ ਪਾਇਆ ਗਿਆ ਇਹ ਸੀਵਰੇਜ ਸਿਸਟਮ ਕਦੇ ਵੀ ਬੈਠ ਸਕਦਾ ਹੈ ਤੇ ਇਹ ਲੋਕਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਸਕਦਾ ਹੈ | ਇਲਾਕੇ ਦੇ ਲੋਕਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਕਾਲੋਨਾਈਜ਼ਰਾਂ ਦੀਆਂ ਮਨਮਰਜ਼ੀਆਂ ਬੰਦ ਕੀਤੇ ਜਾਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਸਖਤੀ ਨਾਲ ਰੋਕੇ ਜਾਣ ਦੀ ਮੰਗ