ਜਲੰਧਰ, 9 ਜੂਨ (ਜਤਿੰਦਰ ਪੰਮੀ)-ਮੰਗਲਵਾਰ ਨੂੰ ਤਹਿਸੀਲ ਕੰਪਲੈਕਸ ਸਥਿਤ ਸਬ-ਰਜਿਸਟਰਾਰ-1 ਦੇ ਦਫਤਰ ਬਾਹਰ ਆਮ ਆਦਮੀ ਪਾਰਟੀ ਦੇ ਮਰਹੂਮ ਆਗੂ ਲੱਕੀ ਓਬਰਾਏ ਦੀ ਜਾਇਦਾਦ, ਉਸ ਦੇ ਇਕ ਕਰਿੰਦੇ ਵਲੋਂ ਚੋਰੀ-ਛਿਪੇ ਵੇਚੇ ਜਾਣ ਦਾ ਮਾਮਲਾ ਕਾਫੀ ਚਰਚਾ ਵਿਚ ਰਿਹਾ | ਹਾਲਾਂਕਿ ਪਰਿਵਾਰ ਨੇ ਇਸ ਮਾਮਲੇ ਨੂੰ ਮੀਡੀਆ 'ਚ ਨਾ ਲਿਜਾਣ ਦੀ ਗੱਲ ਕਹੀ ਜਦੋਂਕਿ ਦੂਜੇ ਪਾਸੇ ਸਬ-ਰਜਿਸਟਰਾਰ ਨੇ ਵੀ ਇਸ ਮਾਮਲੇ ਤੋਂ ਅਣਜਾਣਤਾ ਪ੍ਰਟਗਾਈ | ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਲੱਕੀ ਓਬਰਾਏ ਦਾ ਇਕ ਕਰਿੰਦਾ ਜੋ ਉਸ ਦੇ ਦਫਤਰ 'ਚ ਕੰਮ ਕਰਦਾ ਸੀ ਅਤੇ ਮਰਹੂਮ 'ਆਪ' ਆਗੂ ਨੇ ਜਿਸ ਦੇ ਨਾਂ 'ਤੇ ਕੋਈ ਜਾਇਦਾਦ ਕਰਵਾਈ ਹੋਈ ਸੀ | ਦੱਸਿਆ ਜਾ ਰਿਹਾ ਹੈ ਕਿ ਆਬਾਦਪੁਰਾ ਵਾਸੀ ਸੈਬੀ ਨਾਂ ਦਾ ਵਿਅਕਤੀ ਤਹਿਸੀਲ ਕੰਪਲੈਕਸ 'ਚ ਇਕ ਜਾਇਦਾਦ ਦਾ ਸੌਦਾ ਕਰਨ ਉਪਰੰਤ ਉਸ ਦੀ ਰਜਿਸਟਰੀ ਕਰਵਾਉਣ ਲਈ ਸਬ-ਰਜਿਸਟਰਾਰ ਦਫਤਰ ਵਿਚ ਮੌਜੂਦ ਸੀ | ਇਸੇ ਦੌਰਾਨ ਲੱਕੀ ਓਬਰਾਏ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਸੈਬੀ ਕੋਈ ਜਾਇਦਾਦ ਜਿਹੜੀ ਉਸ ਦੇ ਨਾਂ 'ਤੇ ਖਰੀਦੀ ਹੋਈ ਸੀ, ਕਿਸੇ ਨੂੰ ਵੇਚਣ ਲਈ ਰਜਿਸਟਰੀ ਕਰਵਾਉਣ ਵਾਸਤੇ ਸਬ-ਰਜਿਸਟਰਾਰ ਦਫਤਰ ਵਿਚ ਮੌਜੂਦ ਹੈ | ਪਤਾ ਲੱਗਣ 'ਤੇ ਲੱਕੀ ਓਬਰਾਏ ਦੀ ਪਤਨੀ, ਸੱਸ ਤੇ ਭਰਾ ਦਮਨ ਆਪਣੇ ਸਹਿਯੋਗੀਆਂ ਨਾਲ ਉਥੇ ਪੁੱਜੇ ਅਤੇ ਸੈਬੀ ਤੇ ਖਰੀਦਦਾਰ ਨੂੰ ਲੱਭ ਕੇ ਸਾਰੇ ਦਸਤਾਵੇਜ਼ ਆਪਣੇ ਹੱਥ ਲੈ ਲਏ ਅਤੇ ਉਕਤ ਜਾਇਦਾਦ ਦੀ ਰਜਿਸਟਰੀ ਖਰੀਦਦਾਰ ਨੂੰ ਕਰਵਾਉਣ ਉਪਰੰਤ ਬਣਦੀ ਰਕਮ ਦੇ ਚੈੱਕ ਲੈ ਲਏ | ਜਦੋਂ ਉਥੇ ਰੌਲਾ-ਰੱਪਾ ਪੈਣ 'ਤੇ ਕੁਝ ਮੀਡੀਆ ਵਾਲੇ ਪੁੱਜੇ ਤਾਂ ਲੱਕੀ ਓਬਰਾਏ ਦੇ ਪਰਿਵਾਰ ਨੇ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ | ਓਧਰ ਕਰਿੰਦਾ ਵੀ ਕੁਝ ਸਮੇਂ ਬਾਅਦ ਉਥੋਂ ਖਿਸਕ ਗਿਆ ਅਤੇ ਇਹ ਮਾਮਲਾ ਸਾਰਾ ਦਿਨ ਤਹਿਸੀਲ ਕੰਪਲੈਕਸ 'ਚ ਲੋਕਾਂ ਦੀ ਚਰਚਾ ਦੀ ਵਿਸ਼ਾ ਬਣਿਆ ਰਿਹਾ | ਜਦੋਂ ਇਸ ਬਾਰੇ ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਧਿਆਨ ਵਿਚ ਨਹੀਂ ਹੈ | ਕਿਸੇ ਨੇ ਵੀ ਕੋਈ ਰਜਿਸਟਰੀ ਰੋਕਣ ਲਈ ਉਨ੍ਹਾਂ ਤਕ ਪਹੁੰਚ ਨਹੀਂ ਕੀਤੀ |