ਜਲੰਧਰ, 10 ਜੂਨ (ਸ਼ਿਵ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਹਾਈਕਮਾਨ ਵਲੋਂ ਪਾਰਟੀ ਦੇ ਵਿਸਤਾਰ ਕਰਨ ਦੀ ਮੁਹਿੰਮ ਦੇ ਤਹਿਤ ਕੈਂਟ ਅਤੇ ਪੱਛਮੀ ਵਿਧਾਨ ਸਭਾ ਹਲਕਿਆਂ ਦੇ ਮੰਡਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਵਿਚ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਖੁੱਲਰ ਨੂੰ ਬਸਤੀ ਪੀਰ ਦਾਦ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪ੍ਰਦੀਪ ਖੁੱਲਰ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ ਤੇ ਪਾਰਟੀ ਨੇ ਚਾਰ ਸਾਲ ਬਾਅਦ ਸ੍ਰੀ ਖੁੱਲਰ ਨੂੰ ਮੰਡਲ ਪ੍ਰਧਾਨ ਬਣਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ | ਪ੍ਰਦੀਪ ਖੁੱਲਰ ਨੂੰ ਮੰਡਲ ਪ੍ਰਧਾਨ ਬਣਾਉਣ ਨਾਲ ਸਮਰਥਕਾਂ, ਵਰਕਰਾਂ ਵਿਚ ਕਾਫੀ ਖ਼ੁਸ਼ੀ ਪਾਈ ਜਾ ਰਹੀ ਹੈ ਤੇ ਉਨਾਂ ਦੀ ਨਿਯੁਕਤੀ ਨਾਲ ਪੱਛਮੀ ਵਿਧਾਨ ਸਭਾ ਹਲਕੇ ਵਿਚ ਪਾਰਟੀ ਨੂੰ ਇਸ ਦਾ ਫ਼ਾਇਦਾ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਮੰਡਲ ਦੇ ਨਵ ਨਿਯੁਕਤ ਪ੍ਰਧਾਨ ਪ੍ਰਦੀਪ ਖੁੱਲਰ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਉਨਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਕੇ ਜਿਹੜਾ ਭਰੋਸਾ ਜ਼ਾਹਿਰ ਕੀਤਾ ਹੈ ਉਸ 'ਤੇ ਖਰਾ ਉੱਤਰਨ ਲਈ ਹਰ ਸੰਭਵ ਯਤਨ ਕਰਨਗੇ | ਉਨਾਂ ਕਿਹਾ ਕਿ ਮੰਡਲ ਪ੍ਰਧਾਨ ਬਣਨ ਤੋਂ ਬਾਅਦ ਉਹ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਲਈ ਹੁਣ ਤੋਂ ਹੀ ਜੁੱਟ ਜਾਣਗੇ | ਉਨਾਂ ਦੇ ਵਾਰਡ ਵਿਚ 6 ਵਾਰਡ ਪੈਂਦੇ ਹਨ ਜਿੱਥੇ ਕਿ ਆਉਣ ਵਾਲੇ ਸਮੇਂ ਵਿਚ ਉਹ ਬਕਾਇਦਾ ਪਾਰਟੀ ਵਰਕਰਾਂ ਤੇ ਲੋਕਾਂ ਦੇ ਨਾਲ ਮੀਟਿੰਗਾਂ ਕਰਕੇ ਪਾਰਟੀ ਮਜ਼ਬੂਤੀ ਲਈ ਕੰਮ ਕਰਨਗੇ | ਉਨਾਂ ਦੇ ਵਾਰਡ ਵਿਚ 59, 60, 61, 62, 63 ਤੇ ਅੱਧਾ 64 ਵਾਰਡ ਪੈਂਦਾ ਹੈ | ਪ੍ਰਦੀਪ ਖੁੱਲਰ ਨੇ ਦੱਸਿਆ ਕਿ ਇਸ ਦੇ ਨਾਲ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ |
ਸੀਨੀਅਰ ਭਾਜਪਾ ਆਗੂ ਪ੍ਰਦੀਪ ਖੁੱਲਰ ਬਸਤੀ ਪੀਰ ਦਾਦ ਮੰਡਲ ਦੇ ਪ੍ਰਧਾਨ ਨਿਯੁਕਤ
ਅਜੀਤ ਡੈਸਕ
11-06-2026