ਜਲੰਧਰ, 10 ਜੂਨ (ਸ਼ਿਵ)- ਸ਼ਹਿਰ ਵਿਚ ਕਈ ਥਾਵਾਂ 'ਤੇ ਕੰਕਰੀਟ ਦੀਆਂ ਸੜਕਾਂ ਫੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਨਾ ਸਿਰਫ਼ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਸਗੋਂ ਇਸ ਨਾਲ ਨਿਗਮ ਪ੍ਰਸ਼ਾਸਨ ਲਈ ਵੀ ਨਵੀਂ ਸਿਰਦਰਦੀ ਪੈਦਾ ਹੋ ਗਈ ਹੈ | ਕੁੱਝ ਦਿਨ ਪਹਿਲਾਂ ਵਾਰਡ ਨੰਬਰ 85 ਦੇ ਬਾਬਾ ਮੋਹਨ ਦਾਸ ਨਗਰ ਵਿਚ 5 ਮਹੀਨੇ ਪਹਿਲਾਂ ਬਣੀ 45 ਲੱਖ ਦੀ ਬਣੀ ਸੜਕ ਫੱਟ ਗਈ ਸੀ ਜਿਸ ਦੀ ਕਾਫੀ ਚਰਚਾ
ਹੋਈ ਸੀ ਤਾਂ ਮਾਮਲਾ ਵਿਜੀਲੈਂਸ ਕੋਲ ਵੀ ਪੁੱਜ ਗਿਆ ਸੀ | ਚਾਹੇ ਠੇਕੇਦਾਰ ਨੇ ਇਸ ਸੜਕ ਨੂੰ ਦੁਬਾਰਾ ਬਣਾ ਦਿੱਤਾ ਸੀ ਪਰ ਕੁੱਝ ਦਿਨ ਬਾਅਦ ਥੋੜ੍ਹੀ ਦੂਰ ਤੋਂ ਹੀ ਸੜਕ ਫੱਟ ਗਈ ਸੀ | ਇਹ ਮਾਮਲਾ ਅਜੇ ਠੰਢਾ ਨਹੀਂ ਪਿਆ ਹੈ ਸਗੋਂ ਹੁਣ ਇਕਹਿਰੀ ਪੁਲੀ ਦੀ ਕਾਫੀ ਸਮਾਂ ਪਹਿਲਾਂ ਬਣੀ ਸੜਕ ਵੀ ਫੱਟ ਗਈ ਹੈ | ਇਹ ਸੜਕ ਕਾਫੀ ਸਮਾਂ ਪਹਿਲਾਂ ਬਣੀ ਹੈ ਪਰ ਇਸ ਸੜਕ ਦੇ ਫੱਟਣ ਕਰ ਕੇ ਇਸ ਰਸਤੇ ਤੋਂ ਜਾਣ ਵਾਲਾ ਟ੍ਰੈਫਿਕ ਵੀ ਕਾਫੀ ਪ੍ਰਭਾਵਿਤ ਰਿਹਾ ਹੈ | ਇਸ ਗਰਮੀ ਵਿਚ ਸੜਕਾਂ ਦੇ ਫੱਟਣ ਬਾਰੇ ਕਈ ਤਰਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ | ਕਈਆਂ ਵੱਲੋਂ ਤਾਂ ਕੰਕਰੀਟ ਦੀ ਸੜਕ ਬਣਾਉਣ ਵੇਲੇ ਘਟੀਆ ਸਮਗਰੀ ਵਰਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਕਈਆਂ ਦਾ ਕਹਿਣਾ ਹੈ ਕਿ ਨਿਰਮਾਣ 'ਚ ਕਮੀ ਕਰ ਕੇ ਹੀ ਇਹ ਨੁਕਸਾਨ ਹੋ ਰਿਹਾ ਹੈ | ਕੰਕਰੀਟ ਦੀਆਂ ਸੜਕਾਂ ਦੇ ਫੱਟਣ ਦੇ ਮਾਮਲੇ ਸਾਹਮਣੇ ਆਉਣ ਬਾਰੇ ਨਗਰ ਨਿਗਮ ਦੇ ਬੀ. ਐਂਡ. ਆਰ. ਦੇ ਸਾਬਕਾ ਨਿਗਰਾਨ ਇੰਜੀ. ਕੁਲਵਿੰਦਰ ਸਿੰਘ ਨੇ ਕੰਕਰੀਟ ਦੀਆਂ ਸੜਕਾਂ ਦੇ ਫੱਟਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਕੰਕਰੀਟ ਦੀਆਂ ਸੜਕਾਂ ਬਣਾਈਆਂ ਜਾਂਦੀਆਂ ਹਨ ਤਾਂ ਇਹ ਵੱਡੇ ਬਲਾਕਾਂ ਦੀ ਜਗਾ ਛੋਟੇ ਬਲਾਕਾਂ ਵਿਚ ਬਣਾਈਆਂ ਜਾਣੀਆਂ ਚਾਹੀਦੀਆਂ ਹਨ | ਕੰਕਰੀਟ ਦੀਆਂ ਸੜਕਾਂ ਕਈ ਬਾਰ ਹੇਠਾਂ ਤੋਂ ਸੀਵਰੇਜ ਦੇ ਪਾਣੀ ਦੀ ਲੀਕੇਜ ਕਾਰਨ ਜਾਂ ਫਿਰ ਹੇਠਾਂ ਗੈਸਾਂ ਕਰ ਕੇ ਵੀ ਸੜਕਾਂ ਫੱਟ ਜਾਂਦੀਆਂ ਹਨ |
ਫੋਲੜੀਵਾਲ 'ਚ ਕੰਕਰੀਟ ਦੀ ਬਣੀਆਂ ਸੜਕਾਂ 'ਤੇ ਉੱਠਣ ਲੱਗੇ ਸਵਾਲ
ਸਮਾਜ ਸੇਵੀ ਸੁਦੇਸ਼ ਵਿਜ ਨੇ ਫੋਲੜੀਵਾਲ ਤੋਂ ਲੈ ਕੇ ਮੁਨਪੁਰ ਅਤੇ ਫੋਲੜੀਵਾਲ ਤੋਂ ਲੈ ਕੇ ਪਿੰਡ ਮੰਦਿਰ ਤੱਕ ਬਣਾਈ ਗਈ ਕੰਕਰੀਟ ਦੀ ਸੜਕ ਨਿਰਮਾਣ ਦੀ ਗੁਣਵੱਤਾ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਸੜਕ ਨਿਰਮਾਣ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਸ ਕੰਕਰੀਟ ਦੀ ਸੜਕ ਨੂੰ ਬਣਾਏ ਅਜੇ ਕੁੱਝ ਸਮਾਂ ਹੀ ਹੋਇਆ ਹੈ ਤਾਂ ਸੜਕ ਤੋਂ ਬਜਰੀ, ਰੇਤ ਉੱਖੜ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਿਰਮਾਣ ਤੋਂ ਬਾਅਦ ਇਸ ਨੂੰ ਸਹੀ ਤਰੀਕੇ ਨਾਲ ਪਾਣੀ ਨਹੀਂ ਲਗਾਇਆ ਗਿਆ ਤਾਂ ਇਸ ਨੂੰ ਟ੍ਰੈਫਿਕ ਲਈ ਜਲਦੀ ਖ਼ੋਲ ਦਿੱਤਾ ਗਿਆ ਹੈ | 66 ਫੁੱਟੀ ਰੋਡ 'ਤੇ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਸੜਕਾਂ ਨੂੰ ਨੁਕਸਾਨ ਪੁੱਜ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿਸ ਵਿਭਾਗ ਵੱਲੋਂ ਇਸ ਸੜਕ ਨੂੰ ਬਣਵਾਇਆ ਗਿਆ ਹੈ | ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ | ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਤਰਾਂ ਦੀਆਂ ਸੜਕਾਂ ਦੀ ਜਾਂਚ ਬਾਰੇ ਹਦਾਇਤਾਂ ਜਾਰੀ ਕੀਤੀਆਂ ਜਾਣ |
ਕੰਕਰੀਟ ਸੜਕਾਂ ਦੀ ਮਾੜੀ ਹਾਲਤ ਰਾਹਗੀਰਾਂ ਲਈ ਬਣ ਰਹੀ ਸਿਰਦਰਦੀ ਸੜਕ ਨਿਰਮਾਣ 'ਚ ਘਟੀਆ ਸਮੱਗਰੀ ਵਰਤੇ ਜਾਣ ਦੀ ਲੋਕਾਂ 'ਚ ਚਰਚਾ
ਅਜੀਤ ਡੈਸਕ
11-06-2026