ਜਲੰਧਰ, 10 ਜੂਨ (ਐੱਮ. ਐੱਸ. ਲੋਹੀਆ)-'ਹਸਪਤਾਲ ਦਿਵਸ 2026' ਮੌਕੇ ਸੇਕਰਡ ਹਾਰਟ ਹਸਪਤਾਲ, ਜਲੰਧਰ ਨੇ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ (ਏ.ਐੱਸ.ਆਈ.) ਦੇ ਪੰਜਾਬ ਸਟੇਟ ਚੈਪਟਰ ਅਤੇ ਏ.ਐੱਸ.ਆਈ. ਦੇ ਜਲੰਧਰ ਸਿਟੀ ਚੈਪਟਰ ਦੇ ਸਹਿਯੋਗ ਨਾਲ, ਇਕ ਵਿਸ਼ਾਲ ਮੁਫ਼ਤ ਮਲਟੀ-ਸਪੈਸ਼ਲਿਟੀ ਹੈੱਲਥ ਕੈਂਪ ਅਤੇ ਸਵੈ-ਇੱਛਤ ਖੂਨਦਾਨ ਕੈਂਪ ਲਗਾਇਆ | ਆਮ ਲੋਕਾਂ 'ਚ ਬਿਮਾਰੀ ਦੀ ਰੋਕਥਾਮ, ਸਮੇਂ ਸਿਰ ਨਿਦਾਨ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਲਗਾਏ ਇਸ ਸਿਹਤ ਕੈਂਪ 'ਚ ਡਾ. ਬੀ.ਐੱਸ. ਜੌਹਲ, ਨੈਸ਼ਨਲ ਜਨਰਲ ਕੌਂਸਲ ਮੈਂਬਰ, ਏ.ਐੱਸ.ਆਈ. ਅਤੇ ਪ੍ਰਧਾਨ, ਨਰਸਿੰਗ ਹੋਮ ਸੈੱਲ, ਪੰਜਾਬ ਆਈ.ਐੱਮ.ਏ. ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਡਾ. ਜੇ.ਪੀ. ਸਿੰਘ, ਆਨਰੇਰੀ ਸਕੱਤਰ, ਪੰਜਾਬ ਸਟੇਟ ਚੈਪਟਰ, ਏ.ਐਸ.ਆਈ., ਡਾ. ਆਰ.ਐੱਸ. ਬੱਲ, ਆਨਰੇਰੀ ਸਕੱਤਰ, ਪੰਜਾਬ ਆਈ.ਐੱਮ.ਏ. ਅਤੇ ਡਾ. ਨਰਿੰਦਰ ਪਾਲ, ਪ੍ਰਧਾਨ, ਏ.ਐੱਸ.ਆਈ. ਜਲੰਧਰ ਚੈਪਟਰ, ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ | ਸਿਸਟਰ ਬਿੰਸੀ ਮੈਥਿਊ (ਹਸਪਤਾਲ ਪ੍ਰਸ਼ਾਸਕ), ਸਿਸਟਰ ਡਾ. ਲਾਇਲਾ ਜੋਸ (ਮੈਡੀਕਲ ਸੁਪਰਡੈਂਟ), ਸਿਸਟਰ ਡਾ. ਜੀਸਸ ਮਾਰੀਆ (ਸਹਾਇਕ ਮੈਡੀਕਲ ਸੁਪਰਡੈਂਟ), ਸੀਨੀਅਰ ਡਾਕਟਰ, ਨਰਸਿੰਗ ਸਟਾਫ਼, ਪੈਰਾਮੈਡਿਕਸ ਅਤੇ ਹੋਰ ਸਹਾਇਕ ਸਟਾਫ਼ ਦੇ ਨਾਲ ਮੌਜੂਦ ਸਨ | ਇਸ ਤੋਂ ਇਲਾਵਾ, ਸੇਕਰਡ ਹਾਰਟ ਕਾਲਜ ਆਫ਼ ਨਰਸਿੰਗ ਦੇ ਪਿ੍ੰਸੀਪਲ, ਵਾਈਸ ਪਿ੍ੰਸੀਪਲ, ਫੈਕਲਟੀ ਅਤੇ ਵਿਦਿਆਰਥੀਆਂ ਨੇ ਵੀ ਇਸ ਪ੍ਰੋਗਰਾਮ ਦੀ ਸਫ਼ਲਤਾ 'ਚ ਮਹੱਤਵਪੂਰਨ ਯੋਗਦਾਨ ਪਾਇਆ | ਕੈਂਪ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਅਤੇ 1,500 ਤੋਂ ਵੱਧ ਮਰੀਜ਼ਾਂ ਅਤੇ ਲਾਭਪਾਤਰੀਆਂ ਨੇ ਸਿਹਤ ਸੰਭਾਲ ਸੇਵਾਵਾਂ ਦਾ ਲਾਭ ਉਠਾਇਆ | ਵੱਖ-ਵੱਖ ਵਿਭਾਗਾਂ ਦੇ ਮਾਹਰ ਡਾਕਟਰਾਂ ਨੇ ਕਾਰਡੀਓਲੋਜੀ, ਨਿਊਰੋਲੋਜੀ, ਗੈਸਟ੍ਰੋਐਂਟਰੋਲੋਜੀ, ਓਨਕੋਲੋਜੀ, ਆਰਥੋਪੈਡਿਕਸ, ਯੂਰੋਲੋਜੀ, ਨੈਫ਼ਰੋਲੋਜੀ, ਪਲਮੋਨੋਲੋਜੀ, ਨੇਤਰ ਵਿਗਿਆਨ, ਜਨਰਲ ਮੈਡੀਸਨ, ਜਨਰਲ ਸਰਜਰੀ ਅਤੇ ਹੋਰ ਸੁਪਰ-ਸਪੈਸ਼ਲਿਟੀ ਸੇਵਾਵਾਂ 'ਚ ਮੁਫ਼ਤ ਸਲਾਹ-ਮਸ਼ਵਰਾ ਦਿੱਤਾ | ਕਈ ਮਹੱਤਵਪੂਰਨ ਟੈੱਸਟ ਪੂਰੀ ਤਰ੍ਹਾਂ ਮੁਫ਼ਤ ਕੀਤੇ ਗਏ |