ਸੀ. ਟੀ. ਯੂਨੀਵਰਸਿਟੀ ਦੇ ਸਹਿਯੋਗ ਨਾਲ 34 ਸਾਲ ਬਾਅਦ ਚੱਲੀ ਘੜੀ- ਜਸਪ੍ਰੀਤ ਸਿੰਘ ਸੈਣੀ
ਜਲੰਧਰ, 16 ਜੂਨ (ਜਸਪਾਲ ਸਿੰਘ)-ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਵਿਰਾਸਤੀ ਕਲਾਕ ਟਾਵਰ ਦੇ ਨਵੀਨੀਕਰਨ ਦਾ ਉਦਘਾਟਨ ਸੀ. ਟੀ. ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਵਲੋਂ ਰਸਮੀ ਤੌਰ ’ਤੇ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਤੇ ਅਜੇ ਚੱਢਾ ਸਾਬਕਾ ਪ੍ਰਧਾਨ ਗੀਤਾ ਮੰਦਿਰ ਮਾਡਲ ਟਾਊਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਸਮਾਗਮ ਦੌਰਾਨ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਅਤੇ ਗਵਰਨਿੰਗ ਕੌਂਸਲ ਦੀ ਸਮੁੱਚੀ ਟੀਮ ਨੇ ਮੁੱਖ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਸ ਮੌੌਕੇ ‘ਕਲਾਕ ਟਾਵਰ’ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਤਿਹਾਸਕ ਅਤੇ ਵਿਰਾਸਤੀ ਢਾਂਚਿਆਂ ਦੀ ਸੰਭਾਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਕਲੱਬ ਦਾ ਕਲਾਕ ਟਾਵਰ ਪੱਤਰਕਾਰ ਭਾਈਚਾਰੇ ਦੀ ਪਛਾਣ ਅਤੇ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਬਹਾਲੀ ਭਵਿੱਖੀ ਪੀਡ਼੍ਹੀਆਂ ਲਈ ਇਕ ਮਹੱਤਵਪੂਰਨ ਯਾਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰੈੱਸ ਕਲੱਬ ਨੇ ਹਮੇਸ਼ਾ ਉਸਾਰੂ ਤੇ ਹਾਂ-ਪੱਖੀ ਭੂਮਿਕਾ ਨਿਭਾਈ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਵਿਰਾਸਤਾਂ ਦੀ ਸੰਭਾਲ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ । ਇਸ ਮੌਕੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਫਰਵਰੀ 1982 ਵਿਚ ਹੋਂਦ ਵਿਚ ਆਏ ਕਲਾਕ ਟਾਵਰ ਦੀ ਘਡ਼ੀ ਕਾਫ਼ੀ ਸਮੇਂ ਤੋਂ ਖਰਾਬ ਸੀ, ਜਿਸ ਨੂੰ ਮੁਡ਼ ਦਰੁਸਤ ਕਰਨ ਵਿਚ ਸੀ. ਟੀ. ਗਰੁੱਪ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੀ ਵਿਰਾਸਤ ਨੂੰ ਸੰਭਾਲਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਲੱਬ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰੈੱਸ ਕਲੱਬ ਜਿੱਥੇ ਪੱਤਰਕਾਰਾਂ ਦੇ ਇਕੱਠੇ ਹੋਣ ਦਾ ਇਕ ਅਹਿਮ ਜ਼ਰੀਆ ਹੈ, ਉੱਥੇ ਲੋਕਾਂ ਨੂੰ ਆਪਣੀ ਗੱਲ ਕਹਿਣ ਲਈ ਇਕ ਨਿਰਪੱਖ ਮੰਚ ਵੀ ਮੁਹੱਈਆ ਕਰਵਾਉਂਦਾ ਹੈ। ਇਸ ਮੌਕੇ ਆਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਿਦਆਂ ਪੰਜਾਬ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਸੀ. ਟੀ. ਅਦਾਰੇ ਨੇ ਹਮੇਸ਼ਾ ਪੱਤਰਕਾਰ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਸ਼ਹਿਰ ਅਤੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਪੱਤਰਕਾਰੀ ਜੋਖਮ ਭਰਿਆ ਕਾਰਜ ਹੈ ਪਰ ਫਿਰ ਵੀ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਲਈ ਯਤਨਸ਼ੀਲ ਹਨ । ਡਾ. ਮਨਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਮਾਜਿਕ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਵਿਰਾਸਤੀ ਧਰੋਹਰਾਂ ਨੂੰ ਸੰਭਾਲਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ । ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰਾਜੇਸ਼ ਥਾਪਾ, ਤੇਜਿੰਦਰ ਕੌਰ ਥਿੰਦ, ਪਰਮਜੀਤ ਸਿੰਘ ਰੰਗਪੁਰੀ, ਮਨਦੀਪ ਸ਼ਰਮਾ, ਸ਼ਿਵ ਸ਼ਰਮਾ, ਸੁਕਰਾਂਤ ਸਫਰੀ, ਰਾਜੇਸ਼ ਯੋਗੀ, ਜਤਿੰਦਰ ਪਾਲ ਸਿੰਘ, ਨਵੀਨ ਸ਼ਰਮਾ, ਮਲਕੀਤ ਸਿੰਘ ਬਰਾਡ਼, ਮਦਨ ਭਾਰਦਵਾਜ, ਰਮੇਸ਼ ਗਾਬਾ, ਦਵਿੰਦਰ ਠਾਕੁਰ, ਹਰਜਿੰਦਰ ਸਿੰਘ, ਵਰਿੰਦਰ ਰਾਜਪੂਤ, ਨਿਸ਼ਾ ਸ਼ਰਮਾ ਅਤੇ ਮੀਡੀਆ ਜਗਤ ਨਾਲ ਜੁਡ਼ੀਆਂ ਹੋਰ ਅਹਿਮ ਸਖ਼ਸ਼ੀਅਤਾਂ ਵੀ ਹਾਜ਼ਰ ਰਹੀਆਂ ।
ਪੰਜਾਬ ਪ੍ਰੈੱਸ ਕਲੱਬ ਵਿਖੇ ‘ਕਲਾਕ ਟਾਵਰ’ ਦੇ ਨਵੀਨੀਕਰਨ ਦਾ ਚਰਨਜੀਤ ਸਿੰਘ ਚੰਨੀ ਵਲੋਂ ਉਦਘਾਟਨ
ਅਜੀਤ ਡੈਸਕ
17-06-2026