24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਭਗਵਾਨ ਵਾਲਮੀਕਿ ਚੌਕ ’ਚ ਦਿੱਤਾ ਧਰਨਾ, ਪੁਲਿਸ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 17-06-2026

ਜਲੰਧਰ, 16 ਜੂਨ (ਜਤਿੰਦਰ ਪੰਮੀ)-ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਨੇ ਮੰਗਲਵਾਰ ਸ਼ਾਮ ਨੂੰ ਉਸ ਵੇਲੇ ਭਗਵਾਨ ਵਾਲਮੀਕਿ ਚੌਕ ’ਚ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਜਦੋਂ ਬਾਜ਼ਾਰ ਦੇ ਪ੍ਰਧਾਨ ਸ਼ਿਵ ਸ਼ਰਮਾ ਨਾਲ ਕੁੱਝ ਬਦਮਾਸ਼ਾਂ ਵਲੋਂ ਕੁੱਟਮਾਰ ਕਰਨ ਤੇ ਮੌਕੇ ’ਤੇ ਮੌਜੂਦ ਪੁਲਿਸ ਵਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਬਜਾਏ, ਦੁਕਾਨਦਾਰਾਂ ਨਾਲ ਹੀ ਬਦਸਲੂਕੀ ਕੀਤੀ ਗਈ। ਇਸ ਦੌਰਾਨ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰਕੇ ਦੁਕਾਨਦਾਰਾਂ ਨੇ ਕੰਪਨੀ ਬਾਗ ਚੌਕ ਤੇ ਰੈਣਕ ਬਾਜ਼ਾਰ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ। ਦੁਕਾਨਦਾਰਾਂ ਦੀ ਹਮਾਇਤ ਭਾਜਪਾ ਆਗੂ ਵਿਪਨ ਸਭਰਵਾਲ ਤੇ ਸ਼ਸ਼ੀ ਸ਼ਰਮਾ ਵੀ ਪੁੱਜੇ, ਜਿਨ੍ਹਾਂ ਨੇ ਚੌਕ ’ਚ ਸੜਕ ’ਤੇ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿ਼ਲਾਫ਼ ਰੱਜ ਕੇ ਭੜਾਸ ਕੱਢੀ ਅਤੇ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਓਧਰ ਮੌਕੇ ’ਤੇ ਮੌਜੂਦ ਥਾਣਾ ਡਵੀਜ਼ਨ ਨੰਬਰ-4 ਦੇ ਐੱਸ. ਆਈ. ਸੁਖਵੰਤ ਸਿੰਘ ਨੇ ਕਿਹਾ ਕਿ ਸ਼ਸ਼ੀ ਸ਼ਰਮਾ ਤੇ ਉਨ੍ਹਾਂ ਦੇ ਸਾਥੀਆਂ ਨੇ ਫੜੇ ਗਏ ਨੌਜਵਾਨਾਂ ਨਾਲ ਕੁੱਟਮਾਰ ਕਰਕੇ ਲਹੂ-ਲੁਹਾਨ ਕਰ ਦਿੱਤਾ। ਜਦੋਂ ਉਨ੍ਹਾਂ ਨੇ ਛੁਡਵਾਇਆ ਤਾਂ ਉਹ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰੈਣਕ ਬਾਜ਼ਾਰ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਸ਼ਰਮਾ ਉਰਫ ਸ਼ਿੱਬੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਨੇ ਦੋ ਚੋਰਾਂ ਨੂੰ ਫੜ ਕੇ ਥਾਣਾ ਚਾਰ ਦੀ ਪੁਲਿਸ ਹਵਾਲੇ ਕੀਤਾ ਸੀ। ਅੱਜ ਸ਼ਾਮ ਨੂੰ ਬਾਜ਼ਾਰ ਦੀ ਇਕ ਦੁਕਾਨ ’ਤੇ 4-5 ਨੌਜਵਾਨ ਆਏ ਅਤੇ ਦੁਕਾਨਦਾਰ ਨੂੰ ਕਿਸੇ ਗੈਂਗ ਦਾ ਨਾਂ ਲੈ ਕੇ ਧਮਕਾਉਣ ਲੱਗੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਹਵਾਲੇ ਕਰਨ ਬਦਲੇ ਸਬਕ ਸਿਖਾਉਣ ਦੀ ਧਮਕੀ ਦਿੱਤੀ। ਜਦੋਂ ਉਹ ਪ੍ਰਧਾਨ ਹੋਣ ਦੇ ਨਾਤੇ ਉਥੇ ਗਏ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ’ਤੇ ਬਾਜ਼ਾਰ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਉਕਤ ਨੌਜਵਾਨਾਂ ਵਿਚੋਂ 2 ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਪ੍ਰਧਾਨ ਨੇ ਕਿਹਾ ਕਿ ਚੌਕ ’ਚ ਨਾਕੇ ’ਤੇ ਮੌਜੂਦ ਪੁਲਿਸ ਅਫਸਰ ਤੇ ਮੁਲਾਜ਼ਮਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਪ੍ਰਧਾਨ ਸ਼ਸ਼ੀ ਸ਼ਰਮਾ ਤੇ ਸਾਥੀਆਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਸ ਕਾਰਨ ਦੁਕਾਨਦਾਰ ਭੜਕ ਅਤੇ ਉਨ੍ਹਾਂ ਨੇ ਭਾਜਪਾ ਆਗੂ ਵਿਪਨ ਸਭਰਵਾਲ ਤੇ ਸ਼ਸ਼ੀ ਸ਼ਰਮਾ ਦੀ ਅਗਵਾਈ ’ਚ ਦੁਕਾਨਾਂ ਬੰਦ ਕਰਕੇ ਚੌਕ ’ਚ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਦੋ ਦੀ ਪੁਲਿਸ ਵੀ ਪਹੁੰਚੀ ਪਰ ਦੁਕਾਨਦਾਰ ਤੇ ਦੋਵੇਂ ਆਗੂ ਧਰਨੇ ’ਤੇ ਬੈਠੇ ਰਹੇ। ਕਰੀਬ ਇਕ ਘੰਟੇ ਬਾਅਦ ਏ. ਸੀ. ਪੀ. ਸੈਂਟਰਲ ਰਾਜੇਸ਼ ਠਾਕੁਰ ਮੌਕੇ ’ਤੇ ਪੁੱਜੇ ਅਤੇ ਦੋਵਾਂ ਆਗੂਆਂ ਤੇ ਬਾਜ਼ਾਰ ਦੇ ਮੋਹਤਬਰਾਂ ਨਾਲ ਨੇੜੇ ਦੁਕਾਨ ’ਚ ਜਾ ਕੇ ਗੱਲਬਾਤ ਕਰਨ ਲਈ ਕਿਹਾ। ਮੋਹਤਬਰ ਵਿਅਕਤੀਆਂ ਨੇ ਫੜੇ ਗਏ ਮੁਲਜ਼ਮਾਂ ਅਤੇ ਉਨ੍ਹਾਂ ਦੇ ਫਰਾਰ ਸਾਥੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸੇ ਦੌਰਾਨ ਏ. ਡੀ. ਸੀ. ਪੀ. (ਤਫਤੀਸ਼) ਜੇਅੰਤ ਪੁਰੀ ਵੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਾਅਦ ਵਿਚ ਏ. ਸੀ. ਪੀ. ਰਾਜੇਸ਼ ਠਾਕੁਰ ਨੇ ਬਾਜ਼ਾਰ ਦੇ ਮੋਹਤਬਰਾਂ ਤੇ ਆਗੂਆਂ ਨੂੰ ਥਾਣੇ ਬੈਠ ਕੇ ਮਾਮਲਾ ਹੱਲ ਕਰਨ ਲਈ ਬੁਲਾਇਆ ਗਿਆ। ਦੇਰ ਰਾਤ ਪੁਲਿਸ ਵਲੋਂ ਫੜੇ ਗਏ ਚੋਰਾਂ ਤੇ ਉਨ੍ਹਾਂ ਦੇ ਕਾਬੂ ਕੀਤੇ ਗਏ ਸਾਥੀਆਂ ਵਿਰੁੱਧ ਸਖ਼ਤ ਕਾਨੂੰਨੀ ਕਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ਬਾਅਦ ਮਾਮਲਾ ਸ਼ਾਂਤ ਹੋਇਆ। ਰੈਣਕ ਬਾਜ਼ਾਰ ਦੇ ਪ੍ਰਧਾਨ ਸ਼ਿਵ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦਰਾਖਸਤ ਲੈ ਲਈ ਹੈ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਪਿਛਲੀ ਖ਼ਬਰ ਨਵੇਂ ਆਮਦਨ ਕਰ ਕਾਨੂੰਨਾਂ ਨਾਲ ਕਰਦਾਤਾਵਾਂ ਨੂੰ ਹੋਵੇਗੀ ਆਸਾਨੀ- ਭਦੌਰੀਆ ਅਗਲੀ ਖ਼ਬਰ ਕ੍ਰਾਈਮ ਬ੍ਰਾਂਚ ਦੀ ਟੀਮ ਵਲੋਂ ਹੈਰੋਇਨ, ਡਰੱਗ ਮਨੀ ਤੇ ਦੋਪਹੀਆ ਵਾਹਨ ਸਣੇ ਦੋ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।