ਜਲੰਧਰ, 16 ਜੂਨ (ਸ਼ਿਵ)-ਆਮਦਨ ਕਰ ਵਿਭਾਗ ਨੇ ਜਲੰਧਰ ਦੇ ਪ੍ਰਿੰਸੀਪਲ ਇਨਕਮ ਟੈਕਸ ਕਮਿਸ਼ਨਰ ਡਾ. ਸ਼ਿਵ ਦਾਨ ਸਿੰਘ ਭਦੌਰੀਆ ਦੀ ਅਗਵਾਈ ਹੇਠ ਸੀ. ਏ. ਐਸੋਸੀਏਸ਼ਨ ਜਲੰਧਰ ਦੇ ਸਹਿਯੋਗ ਨਾਲ ਨਵੇਂ ਲਾਗੂ ਕੀਤੇ ਗਏ ਆਮਦਨ-ਟੈਕਸ ਐਕਟ, 2025 ਅਤੇ ਆਮਦਨ-ਟੈਕਸ ਨਿਯਮ, 2026 ’ਤੇ ਇਕ ਮੈਗਾ ਆਊਟਰੀਚ ਪ੍ਰੋਗਰਾਮ ਪ੍ਰਰੰਭ 2026 ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦਾ ਉਦੇਸ਼ ਕਰਦਾਤਾਵਾਂ, ਪੇਸ਼ਾਵਰਾਂ ਅਤੇ ਹਿੱਸੇਦਾਰਾਂ ਵਿਚ ਨਵੇਂ ਟੈਕਸ ਕਾਨੂੰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਸਰਲ ਪ੍ਰਬੰਧਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਸਮਾਗਮ ਵਿਚ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਜਲੰਧਰ ਦੇ ਆਮਦਨ ਕਰ ਕਮਿਸ਼ਨਰ (ਅਪੀਲ) ਸ੍ਰੀਮਤੀ ਬਲਵਿੰਦਰ ਕੌਰ ਵੀ ਸ਼ਾਮਲ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸ਼ਿਵ ਦਾਨ ਸਿੰਘ ਭਦੌਰੀਆ ਨੇ ਆਮਦਨ-ਟੈਕਸ ਐਕਟ, 2025 ਅਤੇ ਆਮਦਨ-ਟੈਕਸ ਨਿਯਮ, 2026 ਦੇ ਲਾਗੂ ਹੋਣ ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਨਵੇਂ ਕਾਨੂੰਨ ਦੇ ਕਰਦਾਤਾ-ਅਨੁਕੂਲ ਅਤੇ ਸਰਲ ਢਾਂਚੇ ਬਾਰੇ ਵਿਸਥਾਰ ਨਾਲ ਦੱਸਿਆ, ਜਿਸ ਦਾ ਉਦੇਸ਼ ਸਪਸ਼ਟਤਾ ਵਧਾਉਣਾ, ਗੁੰਝਲਨਾ ਘਟਾਉਣਾ ਅਤੇ ਸਵੈ-ਇੱਛਿਤ ਪਾਲਨਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਕਰਦਾਤਾਵਾਂ ਨੂੰ ਕਰ ਭਰਨ ਵਿਚ ਕਾਫੀ ਆਸਾਨੀ ਹੋਵੇਗੀ। ਸ੍ਰੀ ਭਦੌਰੀਆ ਨੇ ਵਿਭਾਗ ਦੇ ਤਕਨਾਲੋਜੀ-ਆਧਾਰਿਤ ਪਹਿਲਕਦਮੀਆਂ ਵੱਲ ਵੀ ਧਿਆਨ ਖਿੱਚਿਆ, ਜਿਨ੍ਹਾਂ ਵਿਚ ‘ਆਇਕਰ ਸੇਤੂ’ ਅਤੇ ‘ਕਾਰ ਸਾਥੀ’ ਸ਼ਾਮਲ ਹਨ, ਜੋ ਕਿ ਨਿਰਵਿਘਨ ਕਰਦਾਤਾ ਸਹਾਇਤਾ ਪ੍ਰਦਾਨ ਕਰਨ, ਪਾਲਨਾ ਦੀ ਸਹੂਲਤ ਪ੍ਰਦਾਨ ਕਰਨ ਅਤੇ ਸੇਵਾ ਪ੍ਰਦਾਨ ਕਰਨ ਵਿਚ ਸੁਧਾਰ ਕਰਨ ਲਈ ਵਿਕਸਤ ਕੀਤੇ ਗਏ ਹਨ। ਆਮਦਨ ਕਰ ਦੇ ਡਿਪਟੀ ਕਮਿਸ਼ਨਰ ਨਰੇਸ਼ ਕੁਮਾਰ ਭਗਤ ਅਤੇ ਆਮਦਨ ਕਰ ਦੇ ਡਿਪਟੀ ਕਮਿਸ਼ਨਰ ਸਤਵਿੰਦਰ ਪਾਲ ਸਿੰਘ ਦੁਆਰਾ ਵਿਆਪਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਆਮਦਨ-ਟੈਕਸ ਐਕਟ, 2025 ਅਤੇ ਆਮਦਨ-ਟੈਕਸ ਨਿਯਮ, 2026 ਦੇ ਮੁੱਖ ਪ੍ਰਬੰਧਾਂ ਅਤੇ ਵਿਵਹਾਰਿਕ ਪ੍ਰਭਾਵਾਂ ਬਾਰੇ ਦੱਸਿਆ। ਪ੍ਰੋਗਰਾਮ ਵਿਚ ਚਾਰਟਰਡ ਅਕਾਊਂਟੈਂਟ, ਬਾਰ ਐਸੋਸੀਏਸ਼ਨਾਂ ਦੇ ਮੈਂਬਰ ਅਤੇ ਅਹੁਦੇਦਾਰ ਵੱਖ-ਵੱਖ ਵਪਾਰ ਅਤੇ ਉਦਯੋਗ ਸੰਗਠਨਾਂ, ਮੋਹਰੀ ਕਾਰੋਬਾਰੀ, ਪੇਸ਼ੇਵਾਰ, ਡਾਕਟਰ, ਕਰਦਾਤਾ ਅਤੇ ਆਮ ਜਨਤਾ ਸਮੇਤ ਵੱਖ-ਵੱਖ ਹਿੱਸੇਦਾਰ ਵੀ ਮੁੱਖ ਤੌਰ ’ਤੇ ਹਾਜਰ ਸਨ। ਇਸ ਮੌਕੇ ਸੀ. ਏ. ਐਸੋਸੀਏਸ਼ਨ ਜਲੰਧਰ ਦੇ ਅਹੁਦੇਦਾਰ ਸੀ. ਕੇ. ਕੌਲ ਅਤੇ ਅਸ਼ਵਨੀ ਜਿੰਦਲ ਨੇ ਆਮਦਨ ਕਰ ਵਿਭਾਗ ਦੁਆਰਾ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਰਦਾਤਾ ਸਿੱਖਿਆ ਅਤੇ ਹਿੱਸੇਦਾਰਾਂ ਦੀ ਸ਼ਮੂਲੀਅਤ ਪ੍ਰਤੀ ਇਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਲਵਲੀ ਗਰੁੱਪ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਨਰੇਸ਼ ਮਿੱਤਲ, ਅਸ਼ਵਨੀ ਵਿਕਟਰ, ਰਵਿੰਦਰ ਧੀਰ, ਅਸ਼ਵਨੀ ਮਲਹੋਤਰਾ, ਵਿਜੇ ਧੀਰ, ਰਵਿੰਦਰ ਧੀਰ, ਆਰ. ਐੱਸ. ਕਾਲੜਾ, ਐੱਸ. ਐੱਸ. ਕਾਲੜਾ, ਅਸ਼ਵਨੀ ਰਣਦੇਵ, ਇੰਦਰਜੀਤ ਅਭਿਲਾਸ਼ੀ, ਰਿਸ਼ਵ ਅਗਰਵਾਲ ਸਮੇਤ ਹੋਰ ਵੀ ਸੀ. ਏ. ਅਤੇ ਕਾਰੋਬਾਰੀ ਹਾਜ਼ਰ ਸਨ।