ਚੁਗਿੱਟੀ/ ਜੰਡੂਸਿੰਘਾ, 16 ਜੂਨ (ਨਰਿੰਦਰ ਲਾਗੂ)- ਮੰਗਲਵਾਰ ਦੁਪਹਿਰ ਸਮੇਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਕਾਜ਼ੀ ਮੰਡੀ ਨਾਲ ਲੱਗਦੇ ਧਾਨਕੀਆ ਮੁਹੱਲੇ ਵਿਚ ਸਥਿਤ ਨਸ਼ਾ ਤਸ਼ਕਰ ਧਰਮਿੰਦਰ ਪੁੱਤਰ ਮੋਹਨ ਲਾਲ ਵਲੋਂ ਬਣਾਏ ਗਏ ਨਜਾਇਜ਼ ਢਾਬੇ ਅਤੇ ਅਹਾਇਤਾ ‘ਤੇ ਪੀਲਾ ਪੰਜਾ ਚਲਾ ਕੇ ਇਮਾਰਤ ਨੂੰ ਢਾਹ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਅੱਧੀ ਦਰਜਨ ਦੇ ਕਰੀਬ ਕੇਸ਼ ਦਰਜ ਹਨ ਤੇ ਉਹ ਕੁਝ ਸਮਾਂ ਪਹਿਲਾਂ ਹੀ ਜੇਲ ਵਿਚੋਂ ਬਾਹਰ ਆਇਆ ਹੈ। ਗੱਲਬਾਤ ਕਰਦਿਆਂ ਏ.ਡੀ.ਸੀ.ਪੀ.ਪਰਮਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਸ਼ਕਰ ਧਰਮਿੰਦਰ ਦੁਆਰਾ ਨਜਾਇਜ਼ ਉਸਾਰੀ ਗਈ ਇਮਾਰਤ ਸਬੰਧੀ ਨਗਰ ਨਿਗਮ ਨੂੰ ਸੂਚਨਾ ਮਿਲੀ ਸੀ ਜਿਸ ਦੇ ਮੱਦੇਨਜਰ ਨਗਰ ਨਿਗਮ ਵਲੋਂ ਨੋਟਿਸ ਜਾਰੀ ਕੀਤੇ ਗਏ ਸਨ ਪਰ ਕੋਈ ਜੁਆਬ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੂੰ ਨਗਰ ਨਿਗਮ ਵਲੋਂ ਨਾਜਾਇਜ਼ ਉਸਾਰੀ ‘ਤੇ ਕਾਰਵਾਈ ਕਰਨ ਸਬੰਧੀ ਇਤਲਾਹ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਟੀਮ ਨੂੰ ਕਿਸੇ ਪ੍ਰਕਾਰ ਦੀ ਅਧਿਕਾਰੀਆਂ ਨੂੰ ਪ੍ਰੇਸ਼ਾਨੀ ਨਾ ਆਵੇ, ਇਸ ਲਈ ਉਹ ਪੁਲਿਸ ਟੀਮ ਲੈ ਕੇ ਮੌਕੇ ‘ਤੇ ਪਹੁੰਚਣ। ਉਨ੍ਹਾਂ ਕਿਹਾ ਇਸ ਗੱਲ ਨੂੰ ਲੈਕੇ ਇਥੇ ਪੁਲਿਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ ਨਜਾਇਜ ਕੀਤੀ ਗਈ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ।ਉਧਰ ਇਸ ਸਬੰਧੀ ਨਗਰ ਨਿਗਮ ਦੇ ਏ.ਟੀ.ਪੀ. ਸਿਮਰਨਪਾਲ ਨੇ ਦੱਸਿਆ ਕਿ ਉਕਤ ਮੁਹੱਲੇ ਵਿੱਚ ਨਜਾਇਜ਼ ਰੂਪ ਵਿੱਚ ਬਣਾਏ ਢਾਬੇ ਸਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨੂੰ ਨੋਟਿਸ ਦਿੱਤਾ ਸੀ ਤੇ ਉਸ ਦੇ ਚੱਲਦਿਆਂ ਹੀ ਇਹ ਕਾਰਵਾਈ ਅੱਜ ਅਮਲ ਵਿੱਚ ਲਿਆਂਦੀ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਵੀ ਉਕਤ ਨਸ਼ਾ ਤਸ਼ਕਰ ਦੇ ਇਸ ਢਾਬੇ ਨੂੰ ਪ੍ਰਸ਼ਾਸਨ ਵੱਲੋਂ ਢਹਿਢੇਰੀ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਥਾਣਾ ਰਾਮਾ ਦੀ ਪੁਲਿਸ ਟੀਮ ਤੋਂ ਇਲਾਵਾ ਕੁਝ ਹੋਰ ਥਾਣਿਆਂ ਦੀ ਪੁਲਿਸ ਵੀ ਹਾਜ਼ਰ ਹੋਈ। ਦੱਸਿਆ ਜਾ ਰਿਹਾ ਹੈ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਸੁਝਵਾਨ ਲੋਕਾਂ ਵਲੋਂ ਸ਼ਾਲਾਘਾ ਕੀਤੀ ਗਈ ਹੈ। ਜਾਗਰੂਕ ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਮਹਿਕਮੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਨਾਲ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ ਜਿਸ ਦੇ ਚੱਲਦਿਆਂ ਸਮਾਜ ਵਿਰੋਧੀ ਅਨਸਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਸਕੇਗਾ। ਉਨ੍ਹਾਂ ਵਲੋਂ ਅਗਾਮੀ ਦਿਨਾਂ ਵਿੱਚ ਵੀ ਇਸ ਕਾਰਵਾਈ ਨੂੰ ਜਾਰੀ ਰੱਖਣ ਦੀ ਅਪੀਲ ਉਚ ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ।