ਜਲੰਧਰ, 16 ਜੂਨ (ਜਤਿੰਦਰ ਪੰਮੀ)-ਸਿਵਲ ਸਰਜਨ ਦਫ਼ਤਰ ਨੂੰ 22 ਮਹੀਨਿਆਂ ਬਾਅਦ ਹਾਲੇ ਨਵੀਂ ਇਮਾਰਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਕਿਉਂਕਿ ਜਿਸ ਥਾਂ ਉਪਰ ਨਵਾਂ ਦਫ਼ਤਰ ਬਣਾਉਣ ਦੀ ਯੋਜਨਾਬੰਦੀ ਕੀਤੀ ਗਈ ਸੀ, ਉਸ ਉਪਰ ਖੜ੍ਹੇ ਪੁਰਾਣੇ ਵਿਸ਼ਾਲ ਰੁੱਖ ਕੱਟਣ ਦੀ ਪੀ. ਐੱਚ. ਐੱਸ. ਸੀ. ਨੂੰ ਹਾਈ ਕੋਰਟ ਤੋਂ ਆਗਿਆ ਨਹੀਂ ਮਿਲੀ ਹੈ। ਪਤਾ ਲੱਗਾ ਹੈ ਕਿ ਹੁਣ ਸਿਹਤ ਵਿਭਾਗ ਸਿਵਲ ਸਰਜਨ ਦਫ਼ਤਰ ਦੀ ਇਮਾਰਤ ਵਾਸਤੇ ਸਿਵਲ ਹਸਪਤਾਲ ਕੰਪਲੈਕਸ ਦੇ ਅੰਦਰ ਹੀ ਨਵੀਂ ਥਾਂ ਦੀ ਤਲਾਸ਼ ਕਰਨ ਲੱਗਾ ਹੈ। ਦੱਸਣਯੋਗ ਹੈ ਕਿ ਕਰੀਬ ਡੇਢ ਸੌ ਸਾਲ ਪੁਰਾਣੇ ਸਿਵਲ ਸਰਜਨ ਦਫ਼ਤਰ ਦੀ ਥਾਂ ’ਤੇ ਕ੍ਰਿਟੀਕਲ ਕੇਅਰ ਯੂਨਿਟ ਦੀ ਉਸਾਰੀ ਸ਼ੁਰੂ ਕੀਤੇ ਜਾਣ ਕਾਰਨ ਸਿਹਤ ਵਿਭਗਾ ਵਲੋਂ ਦਫ਼ਤਰ ਦਾ ਸਾਰਾ ਸਟਾਫ਼ ਸਿਵਲ ਹਸਪਤਾਲ ਦੀਆਂ ਵੱਖ-ਵੱਖ ਇਮਾਰਤਾਂ ’ਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਵਿਭਾਗ ਨੇ ਸਿਵਲ ਹਸਪਤਾਲ ਕੰਪਲੈਕਸ ਅੰਦਰ ਹੀ ਸਿਵਲ ਸਰਜਨ ਦਫ਼ਤਰ ਦੀ ਨਵੀਂ ਇਮਾਰਤ ਉਸਾਰਨ ਦਾ ਵਾਅਦਾ ਕੀਤਾ ਸੀ। ਸਿਹਤ ਵਿਭਾਗ ਨੇ ਸਿਵਲ ਹਸਪਤਾਲ ’ਚ ਟਰੇਨਿੰਗ ਸੈਂਟਰ ਤੋਂ ਲੈ ਕੇ ਮਲੇਰੀਆ ਵਿਭਾਗ ਦੀਆਂ ਇਮਾਰਤਾਂ ਢਾਹ ਕੇ ਉਥੇ ਸਿਵਲ ਸਰਜਨ ਦਫਤਰ ਦੀ ਨਵੀਂ ਇਮਾਰਤ ਉਸਾਰਨ ਦਾ ਫੈਸਲਾ ਕੀਤਾ ਸੀ। 15 ਮਹੀਨੇ ਪਹਿਲਾਂ ਉਕਤ ਥਾਂ ’ਤੇ ਨਵੀਂ ਇਮਾਰਤ ਉਸਾਰਨ ਦੀ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਉਪਰੰਤ ਇਮਾਰਤ ਦਾ ਨਕਸ਼ਾ ਤਿਆਰ ਕਰ ਲਿਆ ਗਿਆ ਸੀ, ਜਿਸ ਨੂੰ ਸਿਵਲ ਸਰਜਨ ਵਲੋਂ ਪਾਸ ਵੀ ਕਰ ਦਿੱਤਾ ਗਿਆ ਸੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿੰਗ ਵਲੋਂ ਤਿਆਰ ਕੀਤੇ ਗਏ ਨਕਸ਼ੇ ਮੁਤਾਬਕ ਇੱਥੇ 45000 ਵਰਗ ਫੁੱਟ ਥਾਂ ਵਿਚ ਚਾਰ ਮੰਜ਼ਿਲਾ ਇਮਾਰਤ ਦੀ ਉਸਾਰੀ ਕੀਤੀ ਜਾਣੀ ਸੀ, ਜਿਸ ’ਤੇ 14 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਸੀ। ਇਸ ਲਈ ਟੈਂਡਰ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਥਾਂ ’ਤੇ ਬਰਨਤਾਵੀ ਹਕੂਮਤ ਵਲੋਂ ਹਸਪਤਾਲ ਬਣਾਉਣ ਵੇਲੇ ਤੋਂ ਹੀ ਦਰੱਖਤ ਲੱਗੇ ਹੋਏ ਹਨ ਜੋ ਕਿ ਕਰੀਬ ਡੇਢ ਸੌ ਸਾਲ ਪੁਰਾਣੇ ਹਨ। ਇਮਾਰਤ ਦੀ ਉਸਾਰੀ ਲਈ ਇਨ੍ਹਾਂ ਰੁੱਖਾਂ ਨੂੰ ਹਟਾਉਣਾ ਜ਼ਰੂਰੀ ਸੀ, ਜਿਸ ਲਈ ਸਿਹਤ ਵਿਭਾਗ ਨੇ ਚਾਰਾਜ਼ੋਈ ਸ਼ੁਰੂ ਕੀਤੀ ਸੀ। ਹੁਣ ਪਤਾ ਲੱਗਾ ਹੈ ਕਿ ਉਕਤ ਰੁੱਖਾਂ ਨੂੰ ਵੱਢਣ ਦੀ ਹਾਈ ਕੋਰਟ ਕੋਲੋਂ ਆਗਿਆ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਸਿਵਲ ਸਰਜਨ ਦਫ਼ਤਰ, ਜਿੱਥੇ ਹੁਣ ਕ੍ਰਿਟੀਕਲ ਕੇਅਰ ਯੂਨਿਟ ਦੀ ਉਸਾਰੀ ਹੋ ਰਹੀ ਹੈ, ਵਾਲੀ ਥਾਂ ਤੋਂ ਪੁਰਾਣੇ ਤੇ ਵਿਸ਼ਾਲ ਰੁੱਖ ਵੱਢੇ ਜਾਣ ਕਾਰਨ ਵਾਤਾਵਰਨ ਪ੍ਰੇਮੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਮਾਮਲਾ ਹਾਈ ਕੋਰਟ ਤੱਕ ਪੁੱਜ ਗਿਆ ਸੀ। ਹਾਈ ਕੋਰਟ ਸਿਵਲ ਹਸਪਤਾਲ ਕੰਪਲੈਕਸ ਅੰਦਰ ਮੌਜੂਦ ਕਿਸੇ ਵੀ ਰੁੱਖ ਨੂੰ ਵੱਢਣ ’ਤੇ ਪਾਬੰਦੀ ਲਾ ਦਿੱਤੀ ਸੀ ਅਤੇ ਇਹੀ ਕਾਰਨ ਹੈ ਸਿਵਲ ਸਰਜਨ ਦਫ਼ਤਰ ਲਈ ਨਿਰਧਾਰਤ ਕੀਤੀ ਗਈ ਉਕਤ ਜਗ੍ਹਾ ਦੇ ਰੁੱਖ ਵੱਢਣ ਦੀ ਆਗਿਆ ਨਹੀਂ ਮਿਲੀ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਕੰਪਲੈਕਸ ਅੰਦਰ ਲੱਗੇ ਰੁੱਖ ਕੱਟਣ ’ਤੇ ਹਾਈ ਕੋਰਟ ਦਾ ਸਟੇਅ ਲੱਗਾ ਹੋਇਆ, ਜਿਸ ਕਾਰਨ ਉਥੇ ਇਮਾਰਤ ਦੀ ਉਸਾਰੀ ਹੋਣਾ ਮੁਸ਼ਕਲ ਹੈ। ਇਸ ਲਈ ਸਿਵਲ ਹਸਪਤਾਲ ਕੰਪਲੈਕਸ ਅੰਦਰ ਹੀ ਸਿਵਲ ਸਰਜਨ ਦਫ਼ਤਰ ਲਈ ਹੁਣ ਨਵੀਂ ਥਾਂ ਦੀ ਭਾਲ ਕੀਤੀ ਜਾਵੇਗੀ। ਓਧਰ ਪੀ. ਐੱਚ. ਐੱਸ. ਸੀ. ਦੇ ਇੰਜੀਨੀਅਰਿੰਗ ਵਿੰਗ ਦੇ ਐਕਸੀਅਕ ਸੁਖਚੈਨ ਸਿੰਘ ਨੇ ਕਿਹਾ ਕਿ ਰੁੱਖ ਵੱਢਣ ਦੀ ਆਗਿਆ ਨਾ ਮਿਲਣ ਕਾਰਨ ਅਤੇ ਉਥੇ ਲੱਗੇ ਕੂੜੇ ਦੇ ਡੰਪ ਵਾਲੀ ਥਾਂ ਕਾਫੀ ਡੂੰਘੀ ਹੋਣ ਕਾਰਨ ਉਥੇ ਸਿਵਲ ਸਰਜਨ ਦਫ਼ਤਰ ਦੀ ਇਮਾਰਤ ਦੀ ਉਸਾਰੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਸਿਵਲ ਹਸਪਤਾਲ ਦੇ ਖਾਲੀ ਪਾਈ ਪੁਰਾਣੇ ਰਿਹਾਇਸ਼ੀ ਕੁਆਰਟਰਾਂ ਵਾਲੀ ਥਾਂ ’ਤੇ ਸਿਵਲ ਸਰਜਨ ਦਫ਼ਤਰ ਦੀ ਨਵੀਂ ਇਮਾਰਤ ਬਣਾਉਣ ’ਤੇ ਵੀ ਵਿਚਾਰ ਕਰਨ ਲਈ ਕਿਹਾ ਗਿਆ ਹੈ, ਜਿਸ ਬਾਰੇ ਆਉਣ ਵਾਲੇ ਦਿਨਾਂ ’ਚ ਪਤਾ ਲੱਗ ਸਕੇਗਾ।