20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੁੱਖ ਮੰਤਰੀ ਖ਼ਿਲਾਫ਼ ਪੁਤਲਾ ਫੂਕ ਮੁਜਾਹਰਾ

ਅਜੀਤ ਡੈਸਕ 18-06-2026
ਜਲੰਧਰ, 17 ਜੂਨ (ਜਸਪਾਲ ਸਿੰਘ)- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਬਾਅਦ ’ਚ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪ ਕੇ ਮੁੱਖ ਮੰਤਰੀ ਭਗਵੰਤ ਨਾਲ ਸੰਬੰਧਿਤ ਵਿਵਾਦਿਤ ਵੀਡੀਓ ਮਾਮਲੇ ਵਿਚ ਫੋਰੈਂਸਿਕ ਰਿਪੋਰਟਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ, ਸੁਤੰਤਰ ਨਿਆਂਇਕ ਜਾਂਚ ਅਤੇ ਨੈਤਿਕ ਆਧਾਰ ‘ਤੇ ਅਸਤੀਫ਼ੇ ਦੀ ਮੰਗ ਕੀਤੀ ਗਈ । ਪਾਰਟੀ ਆਗੂਆਂ ਨੇ ਕਿਹਾ ਕਿ ਵਿਵਾਦਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਨੂੰ ਝੂਠਾ, ਐਡਿਟ ਕੀਤਾ ਹੋਇਆ ਅਤੇ ਰਾਜਨੀਤਿਕ ਸਾਜ਼ਿਸ਼ ਦਾ ਹਿੱਸਾ ਦੱਸਿਆ ਜਾਂਦਾ ਰਿਹਾ, ਪਰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਹੋਈਆਂ ਫੋਰੈਂਸਿਕ ਜਾਂਚਾਂ ਦੀਆਂ ਰਿਪੋਰਟਾਂ ਵਿੱਚ ਵੀਡੀਓ ਨਾਲ ਕਿਸੇ ਵੀ ਕਿਸਮ ਦੀ ਐਡਿਟਿੰਗ, ਟੈਂਪਰਿੰਗ ਜਾਂ ਡੀਪਫੇਕ ਰਾਹੀਂ ਛੇੜਛਾੜ ਹੋਣ ਦੇ ਸਬੂਤ ਸਾਹਮਣੇ ਨਹੀਂ ਆਏ । ਅਜਿਹੀ ਸਥਿਤੀ ਵਿੱਚ ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣਾ ਅਤੇ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਬਣ ਜਾਂਦੀ ਹੈ । ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ, ਭਗਤਾਂ, ਸ਼ਹੀਦਾਂ ਅਤੇ ਮਹਾਂਪੁਰਖਾਂ ਦਾ ਸਤਿਕਾਰ ਸਰਵਉੱਚ ਸਥਾਨ ਰੱਖਦਾ ਹੈ । ਇਸ ਲਈ ਧਾਰਮਿਕ ਭਾਵਨਾਵਾਂ ਨਾਲ ਜੁੜੇ ਕਿਸੇ ਵੀ ਮਾਮਲੇ ਵਿੱਚ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦੇ ‘ਤੇ ਕਿਉਂ ਨਾ ਹੋਵੇ, ਕਾਨੂੰਨ ਅਤੇ ਜਾਂਚ ਤੋਂ ਉੱਪਰ ਨਹੀਂ ਹੋ ਸਕਦਾ । ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਮੰਗ ਕੀਤੀ ਕਿ ਫੋਰੈਂਸਿਕ ਰਿਪੋਰਟਾਂ ਅਤੇ ਉਪਲਬਧ ਤੱਥਾਂ ਦੇ ਆਧਾਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਸੁਤੰਤਰ, ਨਿਰਪੱਖ ਅਤੇ ਸਮਾਂਬੱਧ ਢੰਗ ਨਾਲ ਕਰਵਾਈ ਜਾਵੇ। ਪਾਰਟੀ ਆਗੂਆਂ ਨੇ ਇਹ ਵੀ ਕਿਹਾ ਕਿ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਕੀਤੀ ਗਈ ਹੈ, ਉਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਹੋਰ ਪੰਥਕ ਮਾਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਵੀ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਫ਼ੈਸਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣੀਆਂ ਗਲਤੀਆਂ ਸਵੀਕਾਰ ਕੀਤੀਆਂ ਸਨ, ਪਰ ਬਾਅਦ ਵਿੱਚ ਉਨ੍ਹਾਂ ਦੇ ਬਿਆਨਾਂ ਅਤੇ ਰਵੱਈਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਮੰਨਣ ਦੀ ਬਜਾਏ ਅਵੱਗਿਆ ਅਤੇ ਹੰਕਾਰ ਵਾਲਾ ਰਵੱਈਆ ਅਪਣਾਉਣਾ ਪੰਥ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਸਾਹਿਬਾਨ ਨੂੰ ਇਸ ਮਾਮਲੇ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਬਣਦੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਜਲੰਧਰ ’ਚ ਕੀਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ, ਅਮਰੀਕ ਸਿੰਘ ਛੀਨਾ, ਸੀਨੀਅਰ ਮੀਤ ਪ੍ਰਧਾਨ, ਭਾਨ ਸਿੰਘ ਜਨਰਲ ਸਕੱਤਰ, ਪ੍ਰਧਾਨ ਬੀਬੀ ਹਰਪ੍ਰੀਤ ਕੌਰ ਤੇ ਹੋਰਨਾਂ ਆਗੂਆਂ ਵਲੋਂ ਕੀਤੀ ਗਈ। ਇਸ ਮੌਕੇ ਜਗਰੂਪ ਸਿੰਘ, ਗੁਰਪ੍ਰੀਤ ਸਿੰਘ ਭੋਗਲ ਭੋਗਪੁਰ, ਲਖਵੀਰ ਸਿੰਘ ਢਿੱਲੋਂ, ਕੁਲਵੀਰਪਾਲ ਸਿੰਘ ਕੇ. ਪੀ., ਗੁਰਪ੍ਰੀਤ ਸਿੰਘ ਧੁਲੇਤਾ ਟੀਮਾ, ਅੰਗਰੇਜ਼ ਸਿੰਘ, ਸਤਨਾਮ ਸਿੰਘ, ਅਜੇ ਭਗਤ, ਬਲਜੀਤ ਸਿੰਘ ਬੁੱਢਾ ਦਲ, ਪ੍ਰੀਤਮ ਸਿੰਘ ਭੋਗਪੁਰ, ਬਲਵੰਤ ਸਿੰਘ, ਤਜਿੰਦਰ ਿਸੰਘ, ਰਵਿੰਦਰ ਸਿੰਘ, ਤਰਲੋਚਨ ਸਿੰਘ, ਗੁਰਬਖਸ਼ ਸਿੰਘ ਜਲੰਧਰ, ਸੁਖਰਾਜ ਸਿੰਘ, ਗੁਰਬਖਸ਼ ਸਿੰਘ ਮੰਗਾ, ਸੁਖਵਿੰਦਰ ਸਿੰਘ ਸਾਬੂਵਾਲ, ਬਾਬਾ ਲਖਮੀਰ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ, ਰਾਜਵਿੰਦਰ ਕੌਰ ਬਾਜਵਾ, ਮਨਿਜਿੰਦਰ ਕੌਰ, ਅਮਰਜੀਤ ਕੌਰ ਤੇ ਪਰਮਿੰਦਰਪਾਲ ਸਿੰਘ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਜਲੰਧਰੋਂ ਲੰਘਦੇ ਹਾਈਵੇ ’ਤੇ ਸਰਵਿਸ ਰੋਡ ਦੀ ਹਾਲਤ ਠੀਕ ਹੋਣ ਦੇ ਆਸਾਰ ਨਹੀਂ, ਨਿਗਮ ਚੁਕਾਏਗਾ ਮਲਬਾ ਹਾਈਵੇ ਅਧਿਕਾਰੀਆਂ... ਅਗਲੀ ਖ਼ਬਰ ਡਾ. ਰਾਜੂ ਨੇ ਭਗਵੰਤ ਮਾਨ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਰਾਜਪਾਲ ਨੂੰ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।