ਜਲੰਧਰ, 17 ਜੂਨ (ਸ਼ਿਵ)- ਮੇਅਰ ਵਨੀਤ ਧੀਰ ਜਲੰਧਰੋਂ ਲੰਘਦੇ ਹਾਈਵੇ ਅਤੇ ਸਰਵਿਸ ਰੋਡ ਦੀ ਹਾਲਤ ਵਿਚ ਸੁਧਾਰ ਕਰਵਾਉਣ ਲਈ ਹਾਈਵੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ ਤੇ ਇਸ ਕੰਮ ਨੂੰ ਹੀ ਇਕ ਸਾਲ ਹੋ ਗਿਆ ਹੈ, ਪਰ ਅਜੇ ਤੱਕ ਹਾਈਵੇ ਦੇ ਇਸ ਹਿੱਸੇ ਵਿਚ ਸੁਧਾਰ ਦਾ ਕੰਮ ਨਹੀਂ ਹੋ ਸਕਿਆ ਹੈ। ਮੇਅਰ ਕੁੱਝ ਦਿਨ ਪਹਿਲਾਂ ਵੀ ਜਲੰਧਰੋਂ ਲੰਘਦੇ ਹਾਈਵੇ ਦੇ ਹਿੱਸੇ ਦਾ ਕੰਮ ਦੇਖਣ ਲਈ ਗਏ ਸੀ ਤੇ ਉਨ੍ਹਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਿ ਕੰਮ ਤੱਸਲੀਬਖਸ਼ ਨਹੀਂ ਹੋ ਸਕਿਆ ਸੀ। ਹਾਈਵੇ ’ਤੇ ਅਜੇ ਵੀ ਕਾਫ਼ੀ ਮਲਬਾ ਪਿਆ ਹੈ ਜਿਸ ਕਰਕੇ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਹੁਣ ਹਾਈਵੇ ਦੇ ਇਸ ਹਿੱਸੇ ਅਤੇ ਸਰਵਿਸ ਰੋਡ ’ਤੇ ਪਏ ਮਲਬੇ ਨੂੰ ਆਪ ਚੁਕਾਉਣ ਦਾ ਫ਼ੈਸਲਾ ਕੀਤਾ ਹੈ। ਹਾਈਵੇ ਦਾ ਕਾਫ਼ੀ ਹਿੱਸਾ ਅਤੇ ਸਰਵਿਸ ਰੋਡ ਦੀ ਕਈ ਥਾਵਾਂ ’ਤੇ ਹਾਲਤ ਜ਼ਿਆਦਾ ਖ਼ਰਾਬ ਹੈ। ਸਰਫੇਸ ਵਾਟਰ ਪ੍ਰਾਜੈਕਟ ਦੇ ਤਹਿਤ ਐਲ. ਐਂਡ. ਕੰਪਨੀ ਨੇ ਇਸ ਸਰਵਿਸ ਰੋਡ ’ਤੇ ਕਾਫ਼ੀ ਸੜਕ ਪੁੱਟੀ ਹੋਈ ਹੈ ਜਿਸ ਕਰਕੇ ਲੋਕਾਂ ਦਾ ਲੰਘਣਾ ਹੋਰ ਵੀ ਔਖਾ ਹੋ ਰਿਹਾ ਹੈ। ਮੇਅਰ ਵਨੀਤ ਧੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਈਵੇ ਅਧਿਕਾਰੀਆਂ ਵਲੋਂ ਉਕਤ ਹਿੱਸੇ ਦੀ ਸਫ਼ਾਈ ਦਾ ਕੰਮ ਨਾ ਕਰਵਾਏ ਜਾਣ ਕਰਕੇ ਨਿਗਮ ਨੇ ਆਪ ਪਏ ਮਲਬੇ ਨੂੰ ਚੁਕਾਉਣ ਦਾ ਫ਼ੈਸਲਾ ਕੀਤਾ ਹੈ। ਇਹ ਮਲਬਾ ਅਤੇ ਕੂੜਾ ਨਿਗਮ ਦੀਆਂ ਟਰੈਕਟਰ ਟਰਾਲੀਆਂ ਵਲੋਂ ਚੁੱਕਿਆ ਜਾਵੇਗਾ। ਚੇਤੇ ਰਹੇ ਕਿ ਹਾਈਵੇ ਦਾ ਕਾਫ਼ੀ ਹਿੱਸਾ ਅਜੇ ਤੱਕ ਖ਼ਰਾਬ ਹੈ ਤੇ ਹੁਣ ਆਉਣ ਵਾਲੀਆਂ ਬਰਸਾਤਾਂ ਕਰਕੇ ਤਾਂ ਤੋੜੀਆਂ ਗਈਆਂ ਸੜਕਾਂ ਦੀ ਹਾਲਤ ਹੋਰ ਵੀ ਖ਼ਰਾਬ ਹੋਣ ਵਾਲੀ ਹੈ ਕਿਉਂਕਿ ਇਨ੍ਹਾਂ ਸੜਕਾਂ ਦੇ ਅਜੇ ਤੱਕ ਕਈ ਮਹੀਨੇ ਤੱਕ ਬਣਨ ਦੀ ਸੰਭਾਵਨਾ ਨਹੀਂ ਹੈ। ਉਧਰ ਇਸ ਬਾਰੇ ਕੁਝ ਦਿਨ ਪਹਿਲਾਂ ਪਏ ਮੀਂਹ ਨਾਲ ਸ਼ਹਿਰ ਦੀਆਂ ਕਈ ਸੜਕਾਂ ਖਰਾਬ ਹੋ ਗਈਆਂ ਹਨ ਤਾਂ ਨਿਗਮ ਵਲੋਂ ਕੁਝ ਸੜਕਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੇਅਰ ਸ੍ਰੀ ਵਨੀਤ ਧੀਰ ਦਾ ਕਹਿਣਾ ਸੀ ਕਿ ਸੜਕਾਂ ਦੀ ਜਲਦੀ ਹੀ ਮੁਰੰਮਤ ਕੀਤੀ ਜਾਵੇਗੀ।