ਜਲੰਧਰ, 17 ਜੂਨ (ਐੱਮ. ਐੱਸ. ਲੋਹੀਆ)- ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਨਗਰ ਨਿਗਮ ਜਲੰਧਰ ਦੇ ਮੇਅਰ ਵਿਨੀਤ ਧੀਰ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਗੁਰੂ ਚਰਨਾਂ ’ਚ ਨਤਮਸਤਕ ਹੋਏ। ਮੇਅਰ ਧੀਰ ਨੇ 21 ਜੂਨ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ 30 ਜੂਨ ਤੱਕ ਚੱਲਣ ਵਾਲੇ ਛੇਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੇ ਦੀਵਾਨਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਮੇਅਰ ਨੂੰ ਜੀ ਆਇਆਂ ਕਿਹਾ ਅਤੇ ਗੁਰਦੁਆਰਾ ਸਾਹਿਬ ਵਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੇਅਰ ਧੀਰ ਨੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਨਿਗਮ ਪ੍ਰਸ਼ਾਸਨ ਨੂੰ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਨਗਰ ਕੀਰਤਨ ਦੇ ਰੂਟ ਦੀ ਸਾਫ਼-ਸਫ਼ਾਈ ਦਾ ਪ੍ਰਬੰਧ, ਗੁਰੂ ਸਾਹਿਬ ਦੇ ਸਤਿਕਾਰ ਅਤੇ ਅਤੇ ਸੰਗਤ ਦੀ ਸਹੂਲਤ ਲਈ ਟ੍ਰੈਫ਼ਿਕ ਦੇ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਦੇਖਿਆ ਜਾਵੇ, ਤਾਂ ਜੋ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਪ੍ਰਕਾਸ਼ ਪੁਰਬ ਦੇ ਸਾਰੇ ਪ੍ਰੋਗਰਾਮ ਚੰਗੇ ਢੰਗ ਨਾਲ ਚਲਾਉਣ ਦਾ ਯਤਨ ਕਰੀਏ। ਮੇਅਰ ਨੇ ਭਰੋਸਾ ਦਿਵਾਇਆ ਕਿ ਗੁਰਦੁਆਰਾ ਸਾਹਿਬ ਦੇ ਰੂਟ ’ਚ ਆਉਣ ਵਾਲੀ ਸੜਕ ਨੂੰ ਤੁਰੰਤ ਨਵੀਂ ਬਣਾਉਣ ਜਾਂ ਲੋੜ ਪੈਣ ਤੇ ਮੁਰੰਮਤ ਵੀ ਕਰ ਦਿੱਤਾ ਜਾਵੇਗਾ, ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਸੰਗਤ ਦੀ ਭਾਰੀ ਆਵਾਜਾਈ ਨੂੰ ਧਿਆਨ ’ਚ ਰੱਖਦੇ ਹੋਏ ਗੁਰੂ ਹਰਿਗੋਬਿੰਦ ਗੇਟ, 120 ਫੁੱਟੀ ਰੋਡ ’ਤੇ ਸਥਿੱਤ ਭਈਆ ਮੰਡੀ ਨੂੰ ਅਸਥਾਈ ਤੌਰ 27-28-29-30 ਤਰੀਕ ਤੱਕ ਬੰਦ ਕਰਵਾ ਦਿੱਤਾ ਜਾਵੇਗਾ ਅਤੇ ਉਸਦੇ ਬਦਲਵੇਂ ਇੰਤਜ਼ਾਮ ਕੀਤੇ ਜਾਣਗੇ, ਤਾਂ ਜੋ ਗੁਰੂ ਘਰ ਪ੍ਰਤੀ ਅਕੀਦਤ ਰੱਖਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਮੇਅਰ ਦਾ ਸਵਾਗਤ ਕਰਨ ਲਈ ਪ੍ਰਧਾਨ ਗੁਰਕ੍ਰਿਪਾਲ ਸਿੰਘ ਤੋਂ ਇਲਾਵਾ ਸਬੰਧਿਤ ਵਾਰਡ ਨੰਬਰ 50 ਦੇ ਕਉਂਸਲਰ ਅਤੇ ਕਾਰਪੋਰੇਸ਼ਨ ’ਚ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ, ਗੁਰੂ ਹਰਿਗੋਬਿੰਦ ਹਸਪਤਾਲ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਕੱਤਰ ਇੰਦਰਪਾਲ ਸਿੰਘ, ਚਰਨਜੀਤ ਸਿੰਘ ਸਰਾਫ਼, ਗੁਰਜੀਤ ਸਿੰਘ ਪੋਪਲੀ, ਹਰਬੰਸ ਸਿੰਘ, ਜਸਬੀਰ ਸਿੰਘ ਸੇਠੀ, ਰਮਨਦੀਪ ਸਿੰਘ ਭਾਟੀਆ ਅਤੇ ਹੋਰ ਪਤਵੰਤੇ ਹਾਜ਼ਰ ਸਨ।