ਜਲੰਧਰ, 17 ਜੂਨ (ਜਤਿੰਦਰ ਪੰਮੀ)-ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਸਟਾਫ਼ ਵਲੋਂ 2013 ਤੋਂ 2020 ਤਕ ਜ਼ਬਤ ਵਾਹਨਾਂ ਦੇ ਮਾਲਕਾਂ ਵਲੋਂ ਨਿਰਧਾਰਤ ਸਮੇਂ ਅੰਦਰ ਨਾ ਛੁਡਵਾਏ ਜਾਣ ਕਾਰਨ ਬੁੱਧਵਾਰ ਨੂੰ 6 ਮੈਂਬਰੀ ਕਮੇਟੀ ਵਲੋਂ 52 ਦੇ ਕਰੀਬ ਥ੍ਰੀ-ਵ੍ਹੀਲਰਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕਰਵਾਈ ਗਈ। ਪੁਲਿਸ ਕਮਿਸ਼ਨਰ ਦਫਤਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ 6 ਮੈਂਬਰੀ ਕਮੇਟੀ, ਜਿਸ ਵਿਚ ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. (ਇੰਡਸਟਰੀ ਐਂਡ ਸਕਿਉਰਿਟੀ ਨਵਜੋਤ ਸਿੰਘ ਸੰਧੂ ਅਤੇ ਏ. ਸੀ. ਪੀ. (ਹੈੱਡਕੁਆਰਟਰ) ਕਰਨੈਲ ਸਿੰਘ ਸ਼ਾਮਲ ਹਨ, ਦੀ ਨਿਗਰਾਨੀ ਹੇਠ ਇਹ ਬੋਲੀ ਕਰਵਾਈ ਗਈ। ਇਸ ਖੁੱਲ੍ਹੀ ਬੋਲੀ ਵਿਚ 21 ਬੋਲੀਕਾਰਾਂ ਨੇ ਹਿੱਸਾ ਲਿਆ, ਜਿਸ ਦੌਰਾਨ 52 ਦੇ ਕਰੀਬ ਥ੍ਰੀ-ਵ੍ਹੀਲਰਾਂ ਦੀ ਨਿਲਾਮੀ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਵਾਹਨਾਂ ਦੀ ਨਿਲਾਮੀ ਤੋਂ 4.50 ਲੱਖ ਰੁਪਏ ਦੀ ਰਕਮ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਹੋਰ ਵਾਹਨਾਂ ਦੀ ਨਿਲਾਮੀ ਪ੍ਰਕਿਰਿਆ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਵਾਹਨ ਹਨ, ਜੋ ਟ੍ਰੈਫਿਕ ਪੁਲਿਸ ਨੇ ਜ਼ਬਤ ਕੀਤੇ ਸਨ ਅਤੇ ਇਨ੍ਹਾਂ ਨੂੰ ਛੁਡਵਾਉਣ ਲਈ ਮਾਲਕਾਂ ਨੇ ਪਹੁੰਚ ਨਹੀਂ ਕੀਤੀ ਸੀ। ਨਿਲਾਮੀ ਕਰਨ ਤੋਂ ਪਹਿਲਾਂ ਵਾਹਨਾਂ ਦੇ ਅਸਲ ਮਾਲਕਾਂ ਨੂੰ ਆਪਣੇ ਵਾਹਨ ਛੁਡਵਾਉਣ ਲਈ ਮਨਜ਼ੂਰਸ਼ੁਦਾ ਅਸਲ ਦਸਤਾਵੇਜ਼ ਲੈ ਕੇ ਆਉਣ ਦਾ ਮੌਕਾ ਦਿੱਤਾ ਗਿਆ ਸੀ। ਕਈ ਮਾਲਕ ਆਪਣੇ ਵਾਹਨ ਛੁਡਵਾ ਕੇ ਲੈ ਗਏ ਪਰ ਉਕਤ ਵਾਹਨਾਂ ਦੀ ਕਿਸੇ ਨੇ ਵੀ ਪੈਰਵੀ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਦੀ ਨਿਲਾਮੀ ਕਰਵਾ ਦਿੱਤੀ ਗਈ ਹੈ। ਡੀ. ਸੀ. ਪੀ. ਢਿੱਲੋਂ ਨੇ ਦੱਸਿਆ ਕਿ ਹਾਲੇ ਵੀ ਬਹੁਤ ਸਾਰੇ ਵਾਹਨ ਪੁਲਿਸ ਲਾਈਨ ਸਥਿਤ ਟ੍ਰੈਫਿਕ ਸਟਾਫ਼ ਦੇ ਵਾਹਨ ਯਾਰਡ ’ਚ ਮੌਜੂਦ ਹਨ। ਇਸ ਲਈ ਸੰਬੰਧਤ ਵਾਹਨਾਂ ਦੇ ਮਾਲਕ ਆਪਣੇ ਅਸਲ ਦਸਤਾਵੇਜ਼ ਦਿਖਾ ਕੇ ਇਨ੍ਹਾਂ ਨੂੰ ਛੁਡਵਾ ਸਕਦੇ ਹਨ। ਇਸ ਲਈ ਪੁਲਿਸ ਲਾਈਨ ’ਚ ਐਮਰਜੈਂਸੀ ਰਿਸਪਾਂਸ ਸਿਸਟਮ ਦੇ ਇੰਚਾਰਜ ਐਡਮਿਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।