ਜਲੰਧਰ, 23 ਜੂਨ (ਪਵਨ ਖਰਬੰਦਾ)-ਜਲੰਧਰ ਵਿੱਚ ਸਥਿਤ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਯੂਥ ਕਾਂਗਰਸ ਪਾਰਟੀ ਦਿਹਾਤੀ ਦੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਚੱਢਾ (ਗੁਰਾਇਆ)ਵਲੋਂ ਆਪਣੇ ਸਾਥੀਆਂ ਸਮੇਤ ਮਿਲ ਕੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਬਣੇ ਹੋਏ ਕਮਰੇ ਦੇ ਬਾਹਰ ਲੱਗੀ ਹੋਈ ਸੀਨੀਅਰ ਕਾਂਗਰਸ ਆਗੂ ਅਸ਼ਵਨ ਭੱਲਾ ਦੀ ਨੇਮ ਪਲੇਟ ਪੁੱਟ ਦਿੱਤੀ ਗਈ ਤੇ ਇਸ ਉਪਰੰਤ ਉਕਤ ਪ੍ਰਧਾਨ ਵਲੋਂ ਉਕਤ ਕਮਰੇ ਦਾ ਤਾਲਾ ਵੀ ਤੋੜ ਦਿੱਤਾ ਗਿਆ, ਜਿਸ ਨੂੰ ਅਸ਼ਵਨ ਭੱਲਾ ਵਲੋਂ ਲਗਾਇਆ ਗਿਆ ਸੀ। ਇਸ ਦੀ ਸੂਚਨਾ ਮਿਲਣ ਤੇ ਦੁਪਹਿਰ ਸਮੇਂ ਆਪਣੇ ਸਮੱਰਥਕਾਂ ਸਮੇਤ ਪਹੁੰਚੇ ਅਸ਼ਵਨ ਭੱਲਾ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਪ੍ਰੰਤੂ ਮਾਮਲਾ ਬਿਗੜਦਾ ਦੇਖਦੇ ਹੋਏ ਅਤੇ ਇਹ ਘਟਨਾ ਅੱਗ ਵਾਂਗ ਖੇਤਰ ਵਿੱਚ ਫੈਲਦੇ ਹੀ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਸਮੇਤ ਕੁਝ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਸਮੇਤ ਕੁਝ ਹਲਕਿਆਂ ਦੇ ਇੰਚਾਰਜਾਂ ਵਲੋਂ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦੋਵੇਂ ਹੀ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਮਾਮਲਾ ਕਾਫੀ ਜਿਆਦਾ ਗਰਮ ਹੋਣ ਕਾਰਨ ਦੇਰ ਸ਼ਾਮ ਤੱਕ ਇਹ ਮਾਮਲਾ ਠੰਢਾ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨੇ ਆਪਣੇ ਸਮੱਰਥਕਾਂ ਸਮੇਤ ਮੁੜ ਕਮਰੇ ਨੂੰ ਤਾਲਾ ਲਗਾ ਦਿੱਤਾ, ਜਿਸ ਕਾਰਨ ਅੱਜ ਸਾਰਾ ਦਿਨ ਇਹ ਘਟਨਾ ਸ਼ਹਿਰ ਵਿੱਚ ਅਤੇ ਖਾਸ ਤੌਰ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਸੰਬੰਧੀ ਜਦੋਂ ਨਵੇਂ ਚੁਣੇ ਗਏ ਪ੍ਰਧਾਨ ਮਨਪ੍ਰੀਤ ਚੱਢਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਕੀ ਕਹਿੰਦੇ ਹਨ ਅਸ਼ਵਨ ਭੱਲਾ
ਇਸ ਸੰਬੰਧੀ ਜਦੋਂ ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਪਹਿਰ ਸਮੇਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਯੂਥ ਵਰਕਰਾਂ ਵਲੋਂ ਕਾਂਗਰਸ ਭਵਨ ਵਿਖੇ ਬਣੇ ਹੋਏ ਉਨ੍ਹਾਂ ਦੇ ਕਮਰੇ ਦਾ ਤਾਲਾ ਤੋੜ ਕੇ ਨੇਮ ਪਲੇਟ ਵੀ ਪੱਟ ਦਿੱਤੀ ਗਈ ਹੈ ਤਾਂ ਉਹ ਆਪਣੇ ਸਾਥੀਆਂ ਸਮੇਤ ਕਾਂਗਰਸ ਭਵਨ ਵਿੱਚ ਪਹੁੰਚ ਗਏ ਤੇ ਉੱਥੇ ਦੇਖਿਆ ਕਿ ਇੱਕ ਨੌਜਵਾਨ ਕਮਰੇ ਦੇ ਬਾਹਰ ਲੱਗੀ ਨੇਮ ਪਲੇਟ ਤੇ ਕਮਰੇ ਦੇ ਦਰਵਾਜ਼ੇ ਨਾਲ ਛੇੜਛਾੜ ਕਰ ਰਿਹਾ ਸੀ, ਜਿਸ ਸੰਬੰਧੀ ਉਸ ਤੋਂ ਪੁਛਣ ਤੇ ਉਸ ਨਾਲ ਗਰਮੋ ਗਰਮੀ ਹੋ ਗਈ ਪ੍ਰੰਤੂ ਵਿਧਾਇਕ ਪਰਗਟ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ, ਹਲਕਾ ਇੰਚਾਰਜ ਰਜਿੰਦਰ ਸਿੰਘ ਤੇ ਹਲਕਾ ਇੰਚਾਰਜ ਨਵਜੋਤ ਦਾਹੀਆ ਆਦਿ ਵਲੋਂ ਦੋਵੇਂ ਧਿਰਾਂ ਨੂੰ ਬਿਠਾ ਕੇ ਮਸਲੇ ਦਾ ਹੱਲ੍ਹ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚੋਣ ਜਿੱਤ ਕੇ ਅਹੁਦੇਦਾਰ ਬਣਿਆ ਹੈ ਤਾਂ ਉਹ ਪ੍ਰੋਟੋਕਾਲ ਰਾਹੀਂ ਆਪਣੀ ਕਾਰਗੁਜਾਰੀ ਸ਼ੁਰੂ ਕਰੇ ਤੇ ਜੇਕਰ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਯੂਥ ਕਾਂਗਰਸ ਦਿਹਾਤੀ ਦੇ ਨਵੇਂ ਚੁਣੇ ਪ੍ਰਧਾਨ ਵਲੋਂ ਕਾਂਗਰਸ ਭਵਨ ਵਿੱਚ ਕਮਰੇ ਦਾ ਤਾਲਾ ਤੋੜ ਕੇ ਨੇਮ ਪਲੇਟ ਲਾਉਣ ਕਾਰਨ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
ਅਜੀਤ ਡੈਸਕ
24-06-2026